ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ 6 ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਸੋਮਵਾਰ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਦੀ ਕਨਵੀਨਰਸ਼ਿਪ ਹੇਠ ਹੋਈ। ਇਸ ਮੀਟਿੰਗ ਵਿੱਚ ਐਕਸ਼ਨ ਕਮੇਟੀ ਦੇ ਪ੍ਰਮੁੱਖ ਮੈਂਬਰ ਆਗੂ ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਸ਼ਾਮਲ ਸਨ। ਐਕਸ਼ਨ ਕਮੇਟੀ ਦੇ ਆਗੂਆਂ ਨੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਕਾਨੂੰਨੀ ਤੌਰ ’ਤੇ ਹੱਕੀ ਅਤੇ ਜਾਇਜ਼ ਮੰਗਾਂ ਦੀ ਅੜੀਅਲ ਵਤੀਰਾ ਧਾਰਨ ਕਰਕੇ ਕੀਤੀ ਜਾ ਰਹੀ ਅਣਦੇਖੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੀ ਆਰ ਟੀ ਸੀ ਦੇ ਸਮੁੱਚੇ ਵਰਕਰਾਂ ਨੂੰ ਅਤੇ ਸੇਵਾ-ਮੁਕਤ ਕਰਮਚਾਰੀਆਂ ਨੂੰ ਸੱਦਾ ਦਿੱਤਾ ਕਿ 3 ਮਈ ਨੂੰ ਜਲੰਧਰ ਵਿਖੇ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਹੁੰਮ-ਹੁਮਾ ਕੇ ਪੁੱਜਣ।
ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪੀ ਆਰ ਟੀ ਸੀ ਵੱਲ ਕਰਮਚਾਰੀਆਂ ਦੇ ਲਗਭਗ 90 ਕਰੋੜ ਰੁਪਏ ਦੇ ਵੱਖ-ਵੱਖ ਤਰ੍ਹਾਂ ਦੇ ਬਕਾਏ ਲੰਮੇ ਸਮੇਂ ਤੋਂ ਖੜੇ ਹਨ, ਜਿਸ ਵਿਚੋਂ ਪਿਛਲੇ ਕੁਝ ਦਿਨਾਂ ਵਿੱਚ 15 ਕੁ ਕਰੋੜ ਰੁਪਏ ਅਦਾ ਕੀਤੇ ਗਏ ਹਨ, ਜਦ ਕਿ ਮੁਫਤ ਸਫਰ ਬਦਲੇ ਸਰਕਾਰ ਵੱਲੋਂ 95 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ, ਜਿਸ ਵਿਚੋਂ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਅਦਾਇਗੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਦੇਣਦਾਰੀਆਂ ਲਗਭਗ ਦੇ ਦਿੱਤੀਆਂ ਗਈਆਂ ਹਨ, ਪਰ ਕਰਮਚਾਰੀਆਂ ਨੂੰ 15-16 ਕਰੋੜ ਤੋਂ ਵੱਧ ਅਦਾਇਗੀ ਨਹੀਂ ਕੀਤੀ ਗਈ, ਜਦ ਕਿ ਉਸ ਪੈਸੇ ਵਿਚੋਂ 30-32 ਕਰੋੜ ਰੁਪਏ ਬਚਦੇ ਅੱਜ ਵੀ ਮੈਨੇਜਮੈਂਟ ਕੋਲ ਪਏ ਹਨ। ਐਕਸ਼ਨ ਕਮੇਟੀ ਵੱਲੋਂ ਮੈਨੇਜਮੈਂਟ ਨੁੰ ਬਾਦਲੀਲ ਕਿਹਾ ਗਿਆ ਕਿ ਵਰਕਰਾਂ ਅਤੇ ਸੇਵਾ-ਮੁਕਤ ਕਰਮਚਾਰੀਆਂ ਨੂੰ 6ਵਾਂ ਪੇ ਕਮਿਸ਼ਨ ਲਾਗੂ ਹੋਣ ਦੀ ਤਰੀਕ ਤੋਂ 6 ਮਹੀਨੇ ਦਾ ਬਣਦਾ ਏਰੀਅਰ ਦਿਓ ਅਤੇ ਸੇਵਾ-ਮੁਕਤ ਕਰਮਚਾਰੀਆਂ ਦੇ ਸੇਵਾ-ਮੁਕਤੀ ਲਾਭ 31-12-2022 ਤੱਕ ਕਲੀਅਰ ਕਰੋ, ਪਰ ਅਜਿਹਾ ਕਰਨ ਦੀ ਬਜਾਏ ਸਿਰਫ 13 ਕਰੋੜ ਰੁਪਿਆ ਵਰਕਰਾਂ ਦੇ ਖਾਤੇ ਵਿੱਚ ਪਾਇਆ, ਜਦ ਕਿ 13-14 ਕਰੋੜ ਹੋਰ ਬਣਦਾ ਹੈ, ਜੋ ਕਿ ਸੌਖੇ ਹੀ ਦਿੱਤਾ ਜਾ ਸਕਦਾ ਸੀ, ਪਰ ਮੈਨੇਜਮੈਟ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਪੇਮੈਂਟ ਨਹੀਂ ਕੀਤੀ ਜਾ ਰਹੀ। ਚੇਅਰਮੈਨ ਪੀ ਆਰ ਟੀ ਸੀ ਨੂੰ ਵੀ ਮਿਲ ਕੇ ਬੇਨਤੀ ਕੀਤੀ ਗਈ ਸੀ, ਪਰ ਉਹਨਾ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ, ਜਿਸ ਕਰਕੇ ਮੈਨੇਜਮੈਂਟ ਦੇ ਅਜਿਹੇ ਵਰਕਰ ਵਿਰੋਧੀ ਵਰਤਾਓ ਖਿਲਾਫ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ 3 ਮਈ ਨੂੰ ਜਲੰਧਰ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਮੈਨੇਜਮੈਂਟ ਵੱਲੋਂ 26 ਮੰਗਾਂ ਦੇ ਮੰਗ ਪੱਤਰ ’ਤੇ ਹੋਈ ਗੱਲਬਾਤ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਵਰਕਰਾਂ ਦੇ ਕੁਝ ਪੱਲੇ ਨਹੀਂ ਪਾਇਆ ਗਿਆ। ਐਕਸ਼ਨ ਕਮੇਟੀ ਮੈਨੇਜਮੈਂਟ ਵੱਲੋਂ ਲਿਖਤੀ ਰੂਪ ਵਿੱਚ 19 ਅਪਰੈਲ ਨੂੰ ਮੰਗਾਂ ਸੰਬੰਧੀ ਦਿੱਤੀਆਂ ਟਿੱਪਣੀਆਂ ਨੂੰ ਰੱਦ ਕਰਦੀ ਹੈ ਅਤੇ ਸਮਝਦੀ ਹੈ ਕਿ ਮੈਨੇਜਮੈਂਟ ਅਦਾਰੇ ਵਿੱਚ ਸਨਅਤੀ ਮਾਹੌਲ ਨੂੰ ਸੁਖਾਵਾਂ ਅਤੇ ਇਨਸਾਫ ਅਧਾਰਤ ਨਹੀਂ ਰੱਖਣਾ ਚਾਹੁੰਦੀ। ਅਜਿਹੇ ਰਵੱਈਏ ਦੇ ਵਿਰੋਧ ਵਿੱਚ ਐਕਸ਼ਨ ਕਮੇਟੀ ਲਗਾਤਾਰ ਵੱਖ-ਵੱਖ ਟਰੇਡ ਯੂਨੀਅਨ ਅਧਿਕਾਰਾਂ ਅਨੁਸਾਰ ਵਿਰੋਧ ਕਰਦੀ ਰਹੇਗੀ। ਐਕਸ਼ਨ ਕਮੇਟੀ ਵਲੋਂ 28 ਅਪ੍ਰੈਲ ਨੂੰ ਪਟਿਆਲਾ ਵਿਖੇ ਸਾਰੇ ਡਿਪੂਆਂ ਦੇ ਨੁਮਾਇੰਦਿਆਂ ਦੀ ਕਨਵੈਨਸ਼ਨ ਸੱਦ ਲਈ ਗਈ ਹੈ।