ਪਟਨਾ : ਕੇਂਦਰ ਸਰਕਾਰ ਵੱਲੋਂ ਫੌਜ ਵਿਚ ਚਾਰ-ਚਾਰ ਸਾਲ ਦੇ ਠੇਕੇ ‘ਤੇ ਅਗਨੀਵੀਰ ਭਰਤੀ ਕਰਨ ਦੀ ਅਗਨੀਪਥ ਨਾਂਅ ਦੀ ਐਲਾਨੀ ਗਈ ਸਕੀਮ ਦਾ ਬਿਹਾਰ ਦੇ ਨੌਜਵਾਨਾਂ ਨੇ ਵਿਰੋਧ ਕਰਦਿਆਂ ਬੁੱਧਵਾਰ ਮੁਜ਼ੱਫਰਪੁਰ ਵਿਚ ਹਾਈਵੇ ਤੇ ਬਕਸਰ ਵਿਚ ਰੇਲਵੇ ਟਰੈਕ ਰੋਕਿਆ | ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਹੈ, ਕਿਉਂਕਿ ਜਿੰਨੇ ਭਰਤੀ ਕੀਤੇ ਜਾਣਗੇ, ਉਨ੍ਹਾਂ ਵਿਚੋਂ ਚਾਰ ਸਾਲ ਬਾਅਦ 25 ਫੀਸਦੀ ਹੀ ਪੱਕੇ ਕੀਤੇ ਜਾਣਗੇ |
ਨੌਜਵਾਨਾਂ ਨੇ ਬਿਹਾਰ ਦੇ ਬਰੌਨੀ ਨੂੰ ਯੂ ਪੀ ਦੇ ਲਖਨਊ ਨਾਲ ਜੋੜਦੇ ਨੈਸ਼ਨਲ ਹਾਈਵੇ 28 ‘ਤੇ ਮੁਜ਼ੱਫਰਪੁਰ ਵਿਚ ਟਾਇਰ ਤੇ ਹੋਰਡਿੰਗ ਸਾੜੇ | ਉਹ ਨਾਅਰੇ ਲਾ ਰਹੇ ਸਨ—ਭਰਤੀ ਦੋ ਯਾ ਅਰਥੀ ਦੋ | ਚੱਕਰ ਮੈਦਾਨ, ਜਿਥੇ ਫੌਜੀ ਭਰਤੀ ਰੈਲੀਆਂ ਹੁੰਦੀਆਂ ਹਨ, ਤੋਂ ਅੱਧਾ ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ਕੋਲ ਚੱਕਰ ਚੌਕ ਵਿਚ ਵੀ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ |
ਪ੍ਰੋਟੈੱਸਟਰਾਂ ਨੇ ਕਿਹਾ ਕਿ ਉਹ ਦੋ ਸਾਲ ਤੋਂ ਰੈਗੂਲਰ ਫੌਜੀ ਭਰਤੀ ਦੀ ਉਡੀਕ ਕਰ ਰਹੇ ਸਨ, ਪਰ ਸਰਕਾਰ ਨੇ ਇਹ ਨਵੀਂ ਸਕੀਮ ਕੱਢ ਕੇ ਦਿਖਾ ਦਿੱਤੀ |
ਬਕਸਰ ਵਿਚ ਪ੍ਰੋਟੈੱਸਟਰਾਂ ਨੇ ਕਿਹਾ ਕਿ ਸਾਂਸਦ ਤੇ ਵਿਧਾਇਕ ਵੀ ਪੰਜ ਸਾਲ ਲਈ ਬਣਦੇ ਹਨ, ਪਰ ਨੌਜਵਾਨਾਂ ਨੂੰ ਚਾਰ ਸਾਲ ਦੀ ਨੌਕਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਕਿਸੇ ਹੋਰ ਨੌਕਰੀ ਦੀ ਤਿਆਰੀ ਕਰਨੀ ਪਵੇਗੀ |