ਪੰਜਾਬੀ ਭਵਨ ਲੁਧਿਆਣਾ ’ਚ ਪਹਿਲੀ ਮਈ ਨੂੰ ਨਾਟਕਾਂ ਤੇ ਗੀਤਾਂ ਭਰੀ ਰਾਤ

0
161


ਲੁਧਿਆਣਾ : ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਨੂੰ ਬੀਤੇ 40 ਵਰ੍ਹਿਆਂ ਤੋਂ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਇਸ ਵਾਰ ਜਿੱਥੇ ਮਜ਼ਦੂਰ ਦਿਹਾੜੇ ਦੇ ਸ਼ਹੀਦਾਂ ਨੂੰ ਸਿਜਦਾ ਕਰਨ, ਉਹਨਾਂ ਦੇ ਅਧੂਰੇ ਕਾਜ ਪੂਰੇ ਕਰਨ ਤੇ ਮਜ਼ਦੂਰ ਜਮਾਤ ਸਿਰ ਖੜ੍ਹੇ ਇਤਿਹਾਸਕ ਕਾਰਜ ਵਿਚ ਆਪਣੀਆਂ ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਰਾਹੀਂ ਯੋਗਦਾਨ ਪਾਉਣ ਦਾ ਅਹਿਦ ਲਵੇਗੀ, ਉੱਥੇ ਦੱਬੇ-ਕੁਚਲੇ ਬੇਜ਼ਮੀਨੇ ਮਜ਼ਦੂਰਾਂ, ਦਲਿਤਾਂ ਦੀ ਹੂਕ ਨੂੰ ਵੀ ਆਪਣੀਆਂ ਕਲਾ-ਕਿ੍ਰਤਾਂ ਦੇ ਕੇਂਦਰ ਵਿਚ ਲਵੇਗੀ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਵਿੱਤ ਸਕੱਤਰ ਕਸਤੂਰੀ ਲਾਲ ਨੇ ਨਾਟਕਾਂ ਅਤੇ ਗੀਤਾਂ ਭਰੀ ਰਾਤ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਉਪਰੰਤ ਪ੍ਰੈੱਸ ਨੂੰ ਦੱਸਿਆ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਖੁੱਲ੍ਹੇ ਰੰਗ-ਮੰਚ ਦੇ ਆਡੀਟੋਰੀਅਮ ਤੋਂ ਇਲਾਵਾ ਵਿਸ਼ਾਲ ਕੰਪਲੈਕਸ ਵਿੱਚ ਖਿੱਚ ਦਾ ਕੇਂਦਰ ਬਣੇਗਾ ਨਾਟਕ, ਗੀਤ-ਸੰਗੀਤ, ਪੁਸਤਕ ਅਤੇ ਕਲਾ ਮੇਲਾ। ਇਸ ਰਾਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਮੀਤ ਕੜਿਆਲਵੀ ਦੀ ਕਹਾਣੀ ਦਰੁਣਾਚਾਰੀਆ ’ਤੇ ਅਧਾਰਿਤ ‘ਜੋ ਹਾਰਦੇ ਨਹੀਂ’, ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਪਹਿਲਾ ਨਾਟਕ ਖੇਡਿਆ ਜਾਏਗਾ। ਨਾਟਕ ਦੀ ਪਿੱਠ ਭੂਮੀ ਦੇ ਗੀਤ ਅਮੋਲਕ ਸਿੰਘ ਨੇ ਲਿਖੇ ਸੰਗੀਤ ’ਚ ਰੰਗ ਕੇ ਆਵਾਜ਼ ਰਾਜ ਕੁਮਾਰ ਲੁਧਿਆਣਾ ਦੇਣਗੇ। ਡਾ. ਸਵਰਾਜਬੀਰ ਦੀ ਕਲਮ ਤੋਂ ਲਿਖਿਆ ਨਾਟਕ ‘ਅਦਾਕਾਰ ਆਦਿ ਅੰਤ ਕੀ ਸਾਖੀ’ ਮੰਚ, ਰੰਗ ਮੰਚ ਅੰਮਿ੍ਰਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਖੇਡਿਆ ਜਾਏਗਾ। ਗੁਰਸ਼ਰਨ ਸਿੰਘ ਦੀ ਨਾਟ-ਰਚਨਾ ‘ਕੰਮੀਆਂ ਦਾ ਵਿਹੜਾ’ ਚੰਡੀਗੜ੍ਹ ਸਕੂਲ ਆਫ ਡਰਾਮਾ ਵੱਲੋਂ ਏਕੱਤਰ ਸਿੰਘ ਦੀ ਨਿਰਦੇਸ਼ਨਾ ’ਚ ਖੇਡਿਆ ਜਾਏਗਾ।
ਡਾ. ਸਾਹਿਬ ਸਿੰਘ ਦੀ ਰਚਨਾ, ਨਿਰਦੇਸ਼ਨਾ ਅਤੇ ਅਦਾਕਾਰੀ ’ਚ ਅਦਾਕਾਰ ਮੰਚ ਮੁਹਾਲੀ ਵੱਲੋਂ ‘ਸੰਦੂਕੜੀ ਖੋਲ੍ਹ ਨਰੈਣਿਆ’ ਨਾਟਕ ਖੇਡਿਆ ਜਾਏਗਾ। ਮਾਨਵਤਾ ਕਲਾ ਮੰਚ ਨਗਰ ਨੇ ਕੁਲਵੰਤ ਕੌਰ ਨਗਰ ਦਾ ਲਿਖਿਆ ਅਤੇ ਜਸਵਿੰਦਰ ਪੱਪੀ ਦੁਆਰਾ ਨਿਰਦੇਸ਼ਤ ਕੀਤਾ ਨਾਟਕ ‘ਮੁਕਤੀ ਦਾਤਾ’ ਪੇਸ਼ ਕੀਤਾ ਜਾਏਗਾ। ਪੰਜਾਬ ਕਲਾ ਸੰਗਮ ਫਗਵਾੜਾ (ਨਿਸ਼ਾ-ਸੁਮਨ) ਪੇਸ਼ ਕਰਨਗੇ। ਕੋਰੀਓਗਰਾਫੀ ਸਤਰੰਗੀ ਪੀਂਘ ਇਪਟਾ ਦੇ ਅਵਤਾਰ ਚੜਿੱਕ ਅਤੇ ਇਕਬਾਲ ਭੰਡ ਕਲਾਕਾਰ ਆਪਣੀ ਕਲਾ ਦਾ ਜਾਦੂ ਬਿਖੇਰਨਗੇ। ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਦਸਤਕ ਮੰਚ, ਨਰਗਿਸ, ਅੰਮਿ੍ਰਤਪਾਲ ਬਠਿੰਡਾ, ਅਜਮੇਰ ਅਕਲੀਆ, ਗੁਰਮੀਤ ਕੋਟਗੁਰੂ ਗੀਤ-ਸੰਗੀਤ ਪੇਸ਼ ਕਰਨਗੇ। ਪੰਜਾਬੀ ਦੇ ਨਾਮਵਰ ਸੰਵੇਦਨਸ਼ੀਲ ਲੋਕਾਂ ਜਾਏ ਕਵੀ ਹਰਮੀਤ ਵਿਦਿਆਰਥੀ, ਬੁੱਤ ਸਾਜ਼ ਜਨਕ ਰਾਮਗੜ੍ਹ, ਰੰਗਕਰਮੀ ਸਤਪਾਲ ਬੰਗਾ ਅਤੇ ਕਮਲਜੀਤ ਮੋਹੀ ਨੂੰ ਖਚਾਖਚ ਭਰੇ ਪੰਡਾਲ ਵਿੱਚ ਗੁਰਸ਼ਰਨ ਕਲਾ ਸਨਮਾਨ ਨਾਲ ਸਨਮਾਨਿਤ ਕੀਤਾ ਜਾਏਗਾ। ਪਲਸ ਮੰਚ ਦੇ ਸੂਬਾਈ ਵਿੱਤ ਸਕੱਤਰ ਕਸਤੂਰੀ ਲਾਲ ਇਹਨਾਂ ਸ਼ਖਸੀਅਤਾਂ ਦੇ ਮਾਣ-ਸਨਮਾਨ ਵਿੱਚ ਅਮੁੱਲੇ ਸ਼ਬਦ ਕਹਿਣਗੇ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਇਸ ਰਾਤ ਸਾਹਿਤ, ਕਲਾ ਅਤੇ ਸਮਾਜਿਕ ਫਰਜ਼ ਦਾ ਸੁਨੇਹਾ ਸਾਂਝਾ ਕਰਨਗੇ। ਮੇਲੇ ਵਿਚ ਇੱਕ ਹੋਰ ਮੇਲੇ ਦਾ ਪ੍ਰਭਾਵ ਸਿਰਜੇਗਾ ਪੁਸਤਕ ਅਤੇ ਰਵਿੰਦਰ ਰਵੀ, ਜਨਕ ਰਾਮਗੜ੍ਹ ਵੱਲੋਂ ਲਗਾਇਆ ਕਲਾ ਵੰਨਗੀ ਮੇਲਾ। 

LEAVE A REPLY

Please enter your comment!
Please enter your name here