ਮੰਗਾਂ ਮੰਨਵਾਉਣ ਲਈ ਪੀ ਆਰ ਟੀ ਸੀ ਕਾਮੇ 21 ਨੂੰ ਪਟਿਆਲਾ ‘ਚ ਮੁਜ਼ਾਹਰਾ ਕਰਨਗੇ

0
321

ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਵੀਰਵਾਰ ਨਿਰਮਲ ਸਿੰਘ ਧਾਲੀਵਾਲ ਦੀ ਕਨਵੀਨਰਸ਼ਿਪ ਹੇਠ ਹੋਈ | ਇਸ ਮੀਟਿੰਗ ਵਿੱਚ 6 ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸਰਵਸ੍ਰੀ ਬਲਦੇਵ ਰਾਜ, ਗੰਡਾ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਤਰਸੇਮ ਸਿੰਘ ਅਤੇ ਰਮੇਸ਼ ਕੁਮਾਰ ਸ਼ਾਮਲ ਹੋਏ | ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪੀ ਆਰ ਟੀ ਸੀ ਦੇ ਬਣਦੇ 200 ਕਰੋੜ ਨਾ ਦਿੱਤੇ ਜਾਣ ਕਾਰਨ ਵਰਕਰਾਂ ਨੂੰ ਤਨਖਾਹ ਅਤੇ ਪੈਨਸ਼ਨ ਦਾ ਭੁਗਤਾਨ ਅਜੇ ਤੱਕ ਵੀ ਨਾ ਹੋਣ ਬਾਰੇ, ਬਠਿੰਡਾ ਡਿਪੂ ਵਿਖੇ ਟਿਕਟ ਮਸ਼ੀਨਾਂ ਰਾਹੀਂ ਹੋਏ ਬਹੁਕਰੋੜੀ ਸਕੈਂਡਲ ਦੇ ਸੂਤਰਧਾਰ ਜਨਰਲ ਮੈਨੇਜਰ ਬਠਿੰਡਾ ਵਿਰੁੱਧ ਕੋਈ ਐਕਸ਼ਨ ਨਾ ਲਏ ਜਾਣ ਸੰਬੰਧੀ ਅਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਕੰਟਰੈਕਟ ਵਿੱਚ ਵਾਧਾ ਨਾ ਕਰਨ ਸੰਬੰਧੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ 21 ਜੂਨ ਨੂੰ ਪਟਿਆਲਾ ਵਿਖੇ ਬੱਸ ਸਟੈਂਡ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਮੈਨੇਜਮੈਂਟ ਤੇ ਇਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਨਜਿੱਠਣ ਲਈ ਜ਼ੋਰਦਾਰ ਤਰੀਕੇ ਨਾਲ ਮੁਜ਼ਾਹਰਾ ਕਰਦੇ ਹੋਏ ਦਬਾਅ ਪਾਇਆ ਜਾਵੇਗਾ | ਐਕਸ਼ਨ ਕਮੇਟੀ ਦੇ ਆਗੂਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਮੁਲਾਜ਼ਮਾਂ, ਮਜ਼ਦੂਰਾਂ ਦੀਆਂ ਮੰਗਾਂ ਅਤੇ ਮਸਲਿਆਂ ਲਈ ਜ਼ਰਾ ਜਿੰਨੀ ਵੀ ਗੰਭੀਰ ਨਹੀਂ, ਜਿਹੜਾ ਕਿ ਇਸ ਗੱਲ ਤੋਂ ਹੀ ਸਾਫ ਹੈ ਕਿ ਮਾਨ ਸਰਕਾਰ ਪੀ ਆਰ ਟੀ ਸੀ ਨੂੰ ਮੁਫਤ ਸਫਰ ਬਦਲੇ ਬਣਦੇ ਪੈਸੇ ਹੀ ਨਹੀਂ ਦੇ ਰਹੀ, ਜਿਸ ਦਾ ਸਿੱਟਾ ਹੈ ਕਿ ਹਰ ਮਹੀਨੇ ਵਰਕਰਾਂ ਦੀ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਮਹੀਨੇ ਦੇ ਤੀਜੇ ਹਫਤੇ ਵਿੱਚ ਵੀ ਮਸਾਂ ਹੀ ਹੁੰਦੀ ਹੈ | ਇਸ ਮਹੀਨੇ ਦੀ ਤਨਖਾਹਾਂ ਦੀ ਤਾਂ ਉੱਕਾ ਹੀ ਕੋਈ ਸੰਭਾਵਨਾ ਨਹੀਂ, ਕਿਉਂਕਿ ਸਰਕਾਰ ਮੁਫਤ ਸਫਰ ਦੇ ਬਣਦੇ ਪੈਸੇ ਦੇਣ ਨੂੰ ਕੋਈ ਹੁੰਗਾਰਾ ਨਹੀਂ ਭਰ ਰਹੀ | ਵਰਕਰਾਂ ਵਿੱਚ ਤਨਖਾਹ ਤੇ ਪੈਨਸ਼ਨ ਨਾ ਮਿਲਣ ਕਾਰਨ ਹਾਹਾਕਾਰ ਮਚੀ ਹੋਈ ਹੈ | ਇਸੇ ਤਰ੍ਹਾਂ ਪੀ ਆਰ ਟੀ ਸੀ ਦੀ ਮੈਨੇਜਮੈਂਟ ਬਠਿੰਡਾ ਡਿਪੂ ਵਿੱਚ ਹੋਏ ਬਹੁ-ਕਰੋੜੀ ਟਿਕਟ ਮਸ਼ੀਨਾਂ ਦੇ ਸਕੈਂਡਲ ਵਿੱਚ ਜਨਰਲ ਮੈਨੇਜਰ ਬਠਿੰਡਾ ਦੀ ਭੂਮਿਕਾ ਅਤੇ ਸਰਪ੍ਰਸਤੀ ਨੂੰ ਨਜ਼ਰਅੰਦਾਜ ਕਰ ਰਹੀ ਹੈ, ਜਦ ਕਿ ਜਨਰਲ ਮੈਨੇਜਰ ਨੂੰ ਮੁਅੱਤਲ ਕੀਤਾ ਜਾਣਾ ਬਣਦਾ ਹੈ | ਇਸ ਤੋਂ ਇਲਾਵਾ ਐਕਸ਼ਨ ਕਮੇਟੀ ਵੱਲੋਂ ਮੈਨੇਜਮੈਂਟ ਤੋਂ ਮੰਗ ਕੀਤੀ ਜਾਵੇਗੀ ਕਿ ਕਿਲੋਮੀਟਰ ਸਕੀਮ ਦੀਆਂ ਜਿਨ੍ਹਾਂ ਬੱਸਾਂ ਦੇ ਐਗਰੀਮੈਂਟ ਖਤਮ ਹੋ ਰਹੇ ਹਨ, ਉਹਨਾਂ ਵਿੱਚ ਵਾਧਾ ਨਾ ਕੀਤਾ ਜਾਵੇ, ਸਗੋਂ ਇਹ ਬੱਸਾਂ ਬਾਹਰ ਕੀਤੀਆਂ ਜਾਣ, ਕਿਉਂਕਿ ਐਗਰੀਮੈਂਟ ਪਹਿਲਾਂ ਹੀ ਨੁਕਸਾਨਦਾਰ ਹੋਣ ਕਾਰਨ ਪੀ ਆਰ ਟੀ ਸੀ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ | ਐਕਸ਼ਨ ਕਮੇਟੀ ਨੇ ਵਰਕਰਾਂ ਨੂੰ ਮੁਜ਼ਾਹਰੇ ਵਿੱਚ ਹੁੰਮ-ਹੁਮਾ ਕੇ ਪੁੱਜਣ ਲਈ ਕਿਹਾ |

LEAVE A REPLY

Please enter your comment!
Please enter your name here