ਸੁਪਰੀਮ ਕੋਰਟ ਦੇ ਤਿੰਨ ਸਾਬਕਾ ਜੱਜਾਂ ਤੇ 9 ਕਾਨੂੰਨੀ ਮਾਹਰਾਂ ਨੇ ਪ੍ਰਯਾਗਰਾਜ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥਣ ਆਫਰੀਨ ਫਾਤਿਮਾ ਦੀ ਮਾਂ ਪ੍ਰਵੀਨ ਫਾਤਿਮਾ ਦੇ ਘਰ ‘ਤੇ ਬੁਲਡੋਜ਼ਰ ਚਲਾਏ ਜਾਣ ‘ਤੇ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਇਸ ਕਾਰਵਾਈ ਨੂੰ ਕਾਨੂੰਨ ਦਾ ਮਜ਼ਾਕ ਦੱਸਦਿਆਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਦਖ਼ਲ ਦੀ ਮੰਗ ਕੀਤੀ ਹੈ |
ਪੱਤਰ ਵਿੱਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਖੁਦ ਅਧਿਕਾਰੀਆਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਦਿਆਂ ਕਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਇੱਕ ਉਦਾਹਰਣ ਬਣਨਗੀਆਂ ਤਾਂ ਜੋ ਕੋਈ ਅਪਰਾਧ ਕਰਨ ਦੀ ਸੋਚ ਵੀ ਨਾ ਸਕੇ | ਇਸ ਦੇ ਨਾਲ ਹੀ ਉਨ੍ਹਾ ਹੁਕਮ ਦਿੱਤਾ ਹੈ ਕਿ ਗੈਰ-ਕਾਨੂੰਨੀ ਵਿਰੋਧ ਪ੍ਰਗਟ ਕਰਨ ਵਾਲਿਆਂ ਵਿਰੁੱਧ ਕੌਮੀ ਸੁਰੱਖਿਆ ਐਕਟ ਤੇ ਉੱਤਰ ਪ੍ਰਦੇਸ਼ ਗੈਂਗਸਟਰ ਐਕਟ ਦੀ ਵਰਤੋਂ ਕੀਤੀ ਜਾਵੇ | ਇਨ੍ਹਾਂ ਹੁਕਮਾਂ ਤੇ ਹੌਸਲਾ ਵਧਾਉਣ ਵਾਲੇ ਬਿਆਨਾਂ ਨੇ ਪੁਲਸ ਨੂੰ ਕਰੂਰਤਾ ਤੇ ਪ੍ਰਦਰਸ਼ਨਕਾਰੀਆਂ ਉਤੇ ਜ਼ੁਲਮ ਕਰਨ ਲਈ ਉਤਸ਼ਾਹਤ ਕੀਤਾ ਹੈ |
ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਯੂ ਪੀ ਪੁਲਸ ਨੇ 300 ਤੋਂ ਵੱਧ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਵਿਰੋਧ ਪ੍ਰਗਟ ਕਰਨ ਵਾਲਿਆਂ ਉੱਤੇ ਕੇਸ ਦਰਜ ਕੀਤੇ ਹਨ | ਵੱਖ-ਵੱਖ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪੁਲਸ ਹਿਰਾਸਤ ਅੰਦਰ ਨੌਜਵਾਨਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ | ਸੱਤਾਧਾਰੀਆਂ ਦਾ ਪ੍ਰਸ਼ਾਸਨ ਰਾਹੀਂ ਅਜਿਹਾ ਕਰੂਰ ਦਮਨ ਤੇ ਤੋੜ-ਫੋੜ ਅਤੇ ਨਾਗਰਿਕਾਂ ਦੇ ਅਧਿਕਾਰਾਂ ਦਾ ਉਲੰਘਣ ਸੰਵਿਧਾਨ ਰਾਹੀਂ ਮਿਲੇ ਮੌਲਿਕ ਅਧਿਕਾਰਾਂ ਦਾ ਮਜ਼ਾਕ ਬਣਾ ਰਿਹਾ ਹੈ | ਪੱਤਰ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਤੇ ਪੈਗਾਸਸ ਮਾਮਲੇ ਵਿੱਚ ਖੁਦ ਕਾਰਵਾਈ ਕੀਤੀ ਸੀ | ਉਸੇ ਤਰ੍ਹਾਂ ਹੀ ਉੱਤਰ ਪ੍ਰਦੇਸ਼ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਪਰੀਮ ਕੋਰਟ ਨੂੰ ਖੁਦ ਦਖਲ ਦੇਣਾ ਚਾਹੀਦਾ ਹੈ |
ਪੱਤਰ ‘ਤੇ ਦਸਤਖਤ ਕਰਨ ਵਾਲਿਆਂ ਵਿੱਚ ਜਸਟਿਸ ਸੁਦਰਸ਼ਨ ਰੈਡੀ, ਜਸਟਿਸ ਗੋਪਾਲ ਗੌੜਾ, ਜਸਟਿਸ ਏ ਕੇ ਗਾਂਗੁਲੀ (ਤਿੰਨੇ ਸਾਬਕਾ ਸੁਪਰੀਮ ਕੋਰਟ ਜੱਜ), ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਏ ਪੀ ਸ਼ਾਹ, ਮਦਰਾਸ ਹਾਈ ਕੋਰਟ ਦੇ ਸਾਬਕਾ ਜੱਜ ਕੇ. ਚੰਦਰੂ, ਕਰਨਾਟਕ ਹਾਈ ਕੋਰਟ ਦੇ ਸਾਬਕਾ ਜੱਜ ਮੁਹੰਮਦ ਅਨਵਰ, ਐਡਵੋਕੇਟ ਸ਼ਾਂਤੀ ਭੂਸ਼ਣ, ਐਡਵੋਕੇਟ ਇੰਦਰਾ ਜੈ ਸਿੰਘ, ਐਡਵੋਕੇਟ ਚੰਦਰ ਉਦੈ ਸਿੰਘ, ਐਡਵੋਕੇਟ ਸ੍ਰੀ ਰਾਮ ਪੰਚੂ, ਐਡਵੋਕੇਟ ਪ੍ਰਸ਼ਾਂਤ ਭੂਸ਼ਣ ਤੇ ਐਡਵੋਕੇਟ ਆਨੰਦ ਗਰੋਵਰ ਸ਼ਾਮਲ ਸਨ |
ਦਰਅਸਲ ਪ੍ਰਯਾਗਰਾਜ ਹਿੰਸਾ ਵਿੱਚ ਪੁਲਸ ਨੇ ਜਾਵੇਦ ਮੁਹੰਮਦ ਨੂੰ 10 ਜੂਨ ਨੂੰ ਗਿ੍ਫ਼ਤਾਰ ਕੀਤਾ ਸੀ | ਪ੍ਰਸ਼ਾਸਨ ਨੇ 12 ਜੂਨ ਨੂੰ ਇੱਕ ਮਕਾਨ ਨੂੰ ਜਾਵੇਦ ਮੁਹੰਮਦ ਦਾ ਕਹਿ ਕੇ ਬੁਲਡੋਜ਼ਰ ਰਾਹੀਂ ਢਹਿ-ਢੇਰੀ ਕਰ ਦਿੱਤਾ ਸੀ, ਹਾਲਾਂਕਿ ਉਹ ਮਕਾਨ ਜਾਵੇਦ ਦੀ ਪਤਨੀ ਪ੍ਰਵੀਨ ਫਾਤਿਮਾ ਦਾ ਸੀ | ਨਗਰ ਨਿਗਮ ਵੱਲੋਂ 28 ਜਨਵਰੀ ਨੂੰ ਜਾਰੀ ਰਸੀਦ ਤੋਂ ਪਤਾ ਚਲਦਾ ਹੈ ਕਿ ਮਕਾਨ ਨੰ. 39-ਸੀ ਪ੍ਰਵੀਨ ਫਾਤਿਮਾ ਦੇ ਨਾਂਅ ਹੈ ਤੇ ਉਨ੍ਹਾ ਉਸ ਦਾ ਹਾਊਸ ਟੈਕਸ ਵੀ ਭਰਿਆ ਹੋਇਆ ਸੀ | ਘਰ ਢਾਹੁਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਜੋ ਨੋਟਿਸ ਦਿੱਤਾ ਗਿਆ, ਉਹ ਪ੍ਰਵੀਨ ਫਾਤਿਮਾ ਨਹੀਂ, ਜਾਵੇਦ ਦੇ ਨਾਂਅ ਉੱਤੇ ਸੀ |
ਇਸੇ ਦੌਰਾਨ ਦੋ ਵਕੀਲਾਂ ਨੇ ਭਾਜਪਾ ਦੀ ਮੁਅੱਤਲ ਤਰਜਮਾਨ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਹੈ | ਐਡਵੋਕੇਟ ਸੋਹੇਲ ਤੇ ਐਡਵੋਕੇਟ ਚਾਂਦ ਕੁਰੈਸ਼ੀ ਨੇ ਅਰਜ਼ੀ ਵਿੱਚ ਕਿਹਾ ਹੈ ਕਿ ਪੈਗੰਬਰ ਮੁਹੰਮਦ ਖ਼ਿਲਾਫ਼ ਨੂਪੁਰ ਸ਼ਰਮਾ ਦੀ ਟਿੱਪਣੀ ਕਾਰਨ ਮੁਸਲਿਮ ਸਮਾਜ ਨੂੰ ਠੇਸ ਪੁੱਜੀ ਹੈ | ਇਸ ਲਈ ਸੰਬੰਧਤ ਅਥਾਰਟੀ ਨੂੰ ਆਦੇਸ਼ ਦਿੱਤਾ ਜਾਵੇ ਕਿ ਉਹ ਨੂਪੁਰ ਵਿਰੁੱਧ ਕਾਰਵਾਈ ਕਰੇ | ਉਨ੍ਹਾਂ ਲਿਖਿਆ ਹੈ ਕਿ ਨੂਪੁਰ ਦਾ ਬਿਆਨ ਸੰਵਿਧਾਨ ਦੀ ਧਾਰਾ 14,15,19, 21 ਤੇ 25 ਦਾ ਉਲੰਘਣ ਕਰਦਾ ਹੈ |