ਫਾਜ਼ਿਲਕਾ (ਕਿ੍ਰਸ਼ਨ ਸਿੰਘ)
ਸਰਹੱਦੀ ਪਿੰਡਾਂ ਦੇ ਲੋਕ ਕਾਫੀ ਮੁਸੀਬਤਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ। ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਬਾਰਡਰ ਪੱਟੀ ’ਤੇ ਵਸੇ ਪਿੰਡਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਫਿਰ ਵੀ ਇਨ੍ਹਾਂ ਪਿੰਡਾਂ ਦੇ ਲੋਕ ਦੂਜੇ ਪਿੰਡਾਂ ਨਾਲੋਂ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਕਾਫੀ ਪਛੜੇ ਹੋਏ ਹਨ। ਜੇਕਰ ਗੱਲ ਕਰੀਏ ਫਾਜ਼ਿਲਕਾ ਦੇ ਬਾਰਡਰ ਪੱਟੀ ’ਤੇ ਵਸੇ ਪਿੰਡ ਤੇਜਾ ਰੁਹੇਲਾ ਦੀ ਤਾਂ ਬਿਲਕੁਲ ਜ਼ੀਰੋ ਲਾਈਨ ’ਤੇ ਸਥਿਤ ਇਸ ਪਿੰਡ ਦੇ ਲੋਕ ਅਜ਼ਾਦੀ ਦੇ 75 ਸਾਲਾਂ ਤੋਂ ਵੱਧ ਦਾ ਸਮਾਂ ਬੀਤ ਜਾਣ ’ਤੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਇਨ੍ਹਾਂ ਪਿੰਡਾਂ ਦੇ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਕੰਡਿਆਲੀ ਤਾਰ ਤੋਂ ਪਾਰ ਹਨ, ਜਿਸ ਕਾਰਨ ਇਨ੍ਹਾਂ ਨੂੰ ਜ਼ਿਆਦਾਤਰ ਬੀ ਐੱਸ ਐੱਫ ਦੀ ਦਇਆ ਆਸਰੇ ਹੀ ਨਿਰਭਰ ਰਹਿਣਾ ਪੈਂਦਾ ਹੈ। ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ, ਇਸ ਤੋਂ ਇਲਾਵਾ ਇਸ ਪਿੰਡ ਦੇ ਹੀ ਨਜ਼ਦੀਕ ਵਗਦੇ ਦਰਿਆ ਤੋਂ ਪਾਰ ਕੰਡਿਆਲੀ ਤਾਰ ਤੋਂ ਲੱਗਭੱਗ 500 ਮੀਟਰ ਦੇ ਪਿਛਲੇ ਏਰੀਏ ਚ ਖੇਤੀ ਕਰਦੇ ਕੁਝ ਕਿਸਾਨ ਵੀ ਦੂਜੇ ਕਿਸਾਨਾਂ ਨਾਲੋਂ ਬਹੁਤ ਜ਼ਿਆਦਾ ਪ੍ਰੇਸਾਨੀਆਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਸਾਡੀ ਟੀਮ ਵੱਲੋਂ ਇਸ ਥਾਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਉੱਥੇ ਕੁਝ ਕਿਸਾਨ ਆਪਣੇ ਪਰਵਾਰ ਸਮੇਤ ਦਰਿਆ ਨੂੰ ਕਿਸ਼ਤੀ ਰਾਹੀਂ ਪਾਰ ਕਰ ਰਹੇ ਸਨ। ਇਹ ਇੱਕ ਕਿਨਾਰੇ ਕਿਸ਼ਤੀ ਤੋਂ ਜਾ ਰਹੇ ਸਨ ਅਤੇ ਦੂਜੇ ਕਿਨਾਰੇ ਤੋਂ ਆਪਣੀ ਹੱਥਾਂ ਨਾਲ ਵੱਢੀ ਕਣਕ ਨੂੰ ਕਿਸ਼ਤੀ ’ਤੇ ਲੱਦ ਕੇ ਫਿਰ ਵਾਪਸ ਲਿਆ ਰਹੇ ਸਨ। ਉਨ੍ਹਾਂ ਦੀ ਅਜਿਹੀ ਤਰਸਯੋਗ ਹਾਲਤ ਦੇਖ ਕੇ ਹਰ ਇਨਸਾਨ ਦੀ ਰੂਹ ਕੰਬ ਉੱਠੇਗੀ। ਇਨ੍ਹਾਂ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਸਰਕਾਰਾਂ ਤਾਂ ਬਦਲੀਆਂ, ਪਰ ਇਨ੍ਹਾਂ ਪਿੰਡਾਂ ਦੇ ਹਾਲਾਤ ਬਿਲਕੁਲ ਨਹੀਂ ਬਦਲੇ, ਜਿਸ ਕਾਰਨ ਇਹ ਲੋਕ ਅੱਜ ਵੀ ਤਰਸਯੋਗ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ।
ਕਿਸਾਨ ਪਾਲਾ ਸਿੰਘ ਅਤੇ ਉਸ ਦੇ ਪਰਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਸਮੇਤ 20 ਤੋਂ 25 ਕਿਸਾਨਾਂ ਦੀ ਲੱਗਭੱਗ 40 ਏਕੜ ਜ਼ਮੀਨ ਇੱਥੇ ਪਿੰਡ ਦੇ ਨਜ਼ਦੀਕ ਵਗਦੇ ਸਤਲੁਜ ਦਰਿਆ ਤੋਂ ਪਾਰ ਹੈ। ਇਨ੍ਹਾਂ ਦੇ ਖੇਤ ਦੇ ਇਕ ਪਾਸੇ 20 ਤੋਂ 25 ਫੁੱਟ ਡੂੰਘਾ ਦਰਿਆ ਵਗ ਰਿਹਾ ਹੈ ਅਤੇ ਦੂਜੇ ਪਾਸੇ ਕੰਡਿਆਲੀ ਤਾਰ ਲੱਗੀ ਹੋਈ ਹੈ। ਉਨ੍ਹਾਂ ਨੂੰ ਆਪਣੇ ਖੇਤ ਜਾਣ ਲਈ ਇਸ ਦਰਿਆ ਨੂੰ ਪਾਰ ਕਰਨਾ ਪੈਂਦਾ ਹੈ, ਕਿਉਂਕਿ ਦੂਜੇ ਪਾਸੇ ਕੰਡਿਆਲੀ ਤਾਰ ਹੈ, ਜਿੱਥੋਂ ਉਨ੍ਹਾਂ ਨੂੰ ਗੁਜ਼ਰਨ ਦੀ ਬਿਲਕੁਲ ਮਨਾਹੀ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਖੇਤੀ ਦੇ ਸਾਰੇ ਕੰਮ ਕਰਨ ਲਈ ਇਸ ਕਿਸ਼ਤੀ ’ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਇਸ ਲਈ ਉਹ ਹੁਣ ਆਪਣੀ ਕਣਕ ਦੀ ਫਸਲ ਨੂੰ ਹੱਥਾਂ ਨਾਲ ਵੱਢ ਕੇ ਤੂੜੀ ਵਾਲੀ ਮਸ਼ੀਨ ਨਾਲ ਕੱਢਣ ਲਈ ਕਿਸ਼ਤੀ ਰਾਹੀਂ ਦਰਿਆ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਲਿਆ ਰਹੇ ਹਨ।
ਉਨ੍ਹਾਂ ਦੱਸਿਆ ਕਿ ਦੂਜੇ ਪਾਸਿਓਂ ਬੀ ਐੱਸ ਐੱਫ ਵੱਲੋਂ ਬਣਵਾਏ ਜਾ ਰਹੇ ਇੱਕ ਪੁਲ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਜੇਕਰ ਇਸ ਪੁਲ ਦੇ ਤਿਆਰ ਹੋ ਜਾਣ ਤੋਂ ਬਾਅਦ ਬੀ ਐੱਸ ਐੱਫ ਵੱਲੋਂ ਉਨ੍ਹਾਂ ਲਈ ਇੱਥੋਂ ਆਉਣ-ਜਾਣ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੁਝ ਰਾਹਤ ਮਿਲ ਜਾਵੇਗੀ, ਨਹੀਂ ਤਾਂ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਰੇਗਾ।
ਉਨ੍ਹਾਂ ਕਿਹਾ ਕਿ ਇੱਥੋਂ ਦੇ ਕਿਸਾਨ ਅਜ਼ਾਦੀ ਤੋਂ ਬਾਅਦ ਹੀ ਇਸੇ ਤਰ੍ਹਾਂ ਔਖਿਆਈ ਵਿਚ ਖੇਤੀ ਕਰਦੇ ਹਨ। ਇਨ੍ਹਾਂ ਪਰੇਸ਼ਾਨੀਆਂ ਦੇ ਚਲਦਿਆਂ ਉਨ੍ਹਾਂ ਦੀ ਫਸਲ ਦੀ ਬਿਜਾਈ ਅਤੇ ਕਟਾਈ ਦੂਜੇ ਪਾਸੇ ਦੇ ਕਿਸਾਨਾਂ ਨਾਲੋਂ ਲੱਗਭਗ ਇੱਕ ਤੋਂ ਦੋ ਮਹੀਨੇ ਦੇਰੀ ਨਾਲ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਖੋਖਲੇ ਵਾਅਦੇ ਕਰਨ ਦੀ ਬਜਾਏ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਤਾਂ ਜੋ ਉਨ੍ਹਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਕੋਈ ਹੱਲ ਹੋ ਸਕੇ।
ਜਦੋਂ ਬੀ ਐੱਸ ਐੱਫ ਦੇ ਸੰਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀ ਐੱਸ ਐੱਫ ਹਰ ਸਮੇਂ ਕਿਸਾਨਾਂ ਦੀ ਮਦਦ ਲਈ ਉਨ੍ਹਾਂ ਦੇ ਨਾਲ ਖੜੀ ਹੈ। ਪੁਲ ਬਾਰੇ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਪੁਲ ਦਾ ਨਿਰਮਾਣ ਕੰਮ ਅਜੇ ਅਧੂਰਾ ਹੈ ਅਤੇ ਜਦੋਂ ਤੱਕ ਇਹ ਪੁਲ ਪੂਰੀ ਤਰ੍ਹਾਂ ਨਾਲ ਤਿਆਰ ਹੋ ਕੇ ਬੀ ਐੱਸ ਐੱਫ ਦੇ ਸਪੁਰਦ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਇੱਥੋਂ ਕੋਈ ਵੀ ਸਾਧਨ ਨਹੀਂ ਲੰਘ ਸਕਦਾ।