ਮੁਹਾਲੀ : ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਗਏ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਮਾਂ ਦੀਪਿੰਦਰ ਕੌਰ ਅਤੇ ਛੋਟੇ ਭਰਾ ਜਿੱਪੀ ਸਿੱਧੂ ਨੇ ਵੀਰਵਾਰ ਰੱਬ ਦਾ ਸ਼ੁਕਰ ਕਰਦਿਆਂ ਕਿਹਾ ਕਿ ਸੀ ਬੀ ਆਈ ਵੱਲੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਜੱਜ ਸਬੀਨਾ ਦੀ ਧੀ ਕਲਿਆਣੀ ਨੂੰ ਗਿ੍ਫਤਾਰ ਕਰਨ ਨਾਲ ਉਨ੍ਹਾਂ ਅੱਧੀ ਲੜਾਈ ਤਾਂ ਜਿੱਤ ਲਈ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅੱਗੇ ਵੀ ਤਕੜੇ ਹੋ ਕੇ ਜੰਗ ਲੜੀ ਜਾਵੇਗੀ | ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਨਿਆਂ ਪਾਲਿਕਾ ‘ਤੇ ਪੂਰਾ ਭਰੋਸਾ ਹੈ, ਪਰ ਜਦੋਂ ਤੱਕ ਇਸ ਕੇਸ ਦੀ ਸੁਣਵਾਈ ਅਦਾਲਤ ਵਿਚ ਚੱਲੇਗੀ, ਉਦੋਂ ਤੱਕ ਕਾਰਜਕਾਰੀ ਚੀਫ ਜਸਟਿਸ ਨੂੰ ਲੰਮੀ ਛੁੱਟੀ ‘ਤੇ ਭੇਜਿਆ ਜਾਵੇ, ਤਾਂ ਜੋ ਕੋਰਟ ਦੀ ਕਾਰਵਾਈ ਪ੍ਰਭਾਵਤ ਨਾ ਹੋਵੇ |
ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਨ ਕਿ ਇਸ ਹੱਤਿਆ ਕਾਂਡ ਵਿਚ ਉਸ (ਸਿੱਪੀ ਸਿੱਧੂ) ਦੀ ਦੋਸਤ ਅਤੇ ਜੱਜ ਦੀ ਧੀ ਦਾ ਹੱਥ ਹੈ, ਪਰ ਯੂ ਟੀ ਪੁਲਸ ਨੇ ਜੱਜ ਦੀ ਧੀ ਨੂੰ ਗਿ੍ਫਤਾਰ ਨਹੀਂ ਕੀਤਾ | ਇਸ ਕਾਰਨ ਇਹ ਮਾਮਲਾ ਪੁਲਸ ਦੀਆਂ ਫਾਈਲਾਂ ਵਿਚ ਦਫਨ ਹੋ ਗਿਆ, ਪਰ ਪਰਵਾਰ ਨੇ ਹੌਸਲਾ ਨਹੀਂ ਹਾਰਿਆ | ਬਾਅਦ ਵਿਚ 22 ਜਨਵਰੀ 2016 ਨੂੰ ਇਹ ਕੇਸ ਸੀ ਬੀ ਆਈ ਦੇ ਸਪੁਰਦ ਕੀਤਾ ਗਿਆ | ਹੁਣ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਗਿ੍ਫਤਾਰ ਕੀਤਾ ਗਿਆ ਹੈ | ਕਲਿਆਣੀ ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਸੈਕਟਰ-42 ਵਿਚ ਪ੍ਰੋਫੈਸਰ ਹੈ | ਸਿੱਪੀ ਸਿੱਧੂ ਦਾ ਚੰਡੀਗੜ੍ਹ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਯੂ ਟੀ ਪੁਲਸ ਨੇ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ ‘ਚੋਂ ਲਾਸ਼ ਬਰਾਮਦ ਕੀਤੀ ਸੀ |