ਨਵੀਂ ਦਿੱਲੀ : ਅਗਨੀਪੱਥ ਯੋਜਨਾ ਦੇ ਵੱਖ-ਵੱਖ ਪ੍ਰਬੰਧਾਂ ‘ਤੇ ਸਵਾਲ ਉਠਾਉਂਦੇ ਹੋਏ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਵਿਚ ਹੋਰ ਬੇਚੈਨੀ ਵਧੇਗੀ | ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਗਾਂਧੀ ਨੇ ਮੰਗ ਕੀਤੀ ਕਿ ਸਰਕਾਰ ਇਸ ਯੋਜਨਾ ਨਾਲ ਸੰਬੰਧਤ ਨੀਤੀਗਤ ਤੱਥਾਂ ਨੂੰ ਸਾਹਮਣੇ ਲਿਆਵੇ ਅਤੇ ਆਪਣਾ ਸਟੈਂਡ ਸਪੱਸ਼ਟ ਕਰੇ | ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਸਬਰ ਦੀ ਅਗਨੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ | ਉਨ੍ਹਾ ਟਵੀਟ ਕੀਤਾ—ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ, 2 ਸਾਲਾਂ ਤੋਂ ਕੋਈ ਸਿੱਧੀ ਭਰਤੀ ਨਹੀਂ, 4 ਸਾਲਾਂ ਬਾਅਦ ਕੋਈ ਸਥਿਰ ਭਵਿੱਖ ਨਹੀਂ, ਫੌਜ ਲਈ ਕੋਈ ਸਰਕਾਰ ਦਾ ਸਨਮਾਨ ਨਹੀਂ | ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਉਨ੍ਹਾਂ ਦੇ ਸਬਰ ਦੀ ਅਗਨੀ ਪ੍ਰੀਖਿਆ ਨਾ ਲਵੋ ਪ੍ਰਧਾਨ ਮੰਤਰੀ ਜੀ | ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਅਗਨੀਪੱਥ ਯੋਜਨਾ ਦੇਸ਼ ਦੇ ਭਵਿੱਖ ਅਤੇ ਦੇਸ਼ ਦੇ ਨੌਜਵਾਨਾਂ ਲਈ ਘਾਤਕ ਸਾਬਤ ਹੋਵੇਗੀ | ਯਾਦਵ ਨੇ ਟਵੀਟ ਕੀਤਾ—ਦੇਸ਼ ਦੀ ਸੁਰੱਖਿਆ ਥੋੜ੍ਹੇ ਸਮੇਂ ਲਈ ਜਾਂ ਗੈਰਰਸਮੀ ਮੁੱਦਾ ਨਹੀਂ ਹੈ, ਇਸ ਲਈ ਬਹੁਤ ਗੰਭੀਰ ਅਤੇ ਲੰਮੇ ਸਮੇਂ ਦੀ ਨੀਤੀ ਦੀ ਲੋੜ ਹੈ | ਫੌਜੀ ਭਰਤੀ ਸੰਬੰਧੀ ਜੋ ਲਾਪ੍ਰਵਾਹੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ, ਉਹ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਰਾਖੀ ਲਈ ਘਾਤਕ ਸਿੱਧ ਹੋਵੇਗਾ | ਬਸਪਾ ਸੁਪਰੀਮੋ ਮਾਇਅਵਤੀ ਨੇ ਕਿਹਾ ਕਿ ਕੇਂਦਰ ਦੇ ਨਵੇਂ ਫੈਸਲੇ ਕਾਰਨ ਨੌਜਵਾਨਾਂ ‘ਚ ਬੇਚੈਨੀ ਹੈ ਤੇ ਸਰਕਾਰ ਇਸ ‘ਤੇ ਗੌਰ ਕਰੇ |