ਮਾਨਸਾ : ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ’ਚ ਕਥਿਤ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਸੋਮਵਾਰ ਦੇਰ ਰਾਤ ਇਥੇ ਸਿਵਲ ਹਸਪਤਾਲ ਵਿਖੇ ਮੌਤ ਹੋਣ ਤੋਂ ਪਿਛੋਂ ਮੰਗਲਵਾਰ ਬਾਅਦ ਦੁਪਹਿਰ ਤੱਕ ਪਰਵਾਰਕ ਮੈਂਬਰ ਜਾਂ ਰਿਸ਼ਤੇਦਾਰ ਉਸ ਦੀ ਦੇਹ ਲੈਣ ਲਈ ਸਿਵਲ ਹਸਪਤਾਲ ਨਹੀਂ ਪੁੱਜੇ। ਉਹ ਮਾਨਸਾ ਦੀ ਜੇਲ੍ਹ ਵਿਚ ਸੀ। ਮਾਨਸਾ ਦੇ ਐੱਸ ਐੱਸ ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਮੌਤ ਛਾਤੀ ਵਿਚ ਦਰਦ ਹੋਣ ਨਾਲ ਹੋਈ ਦੱਸੀ ਜਾਂਦੀ ਹੈ, ਪਰ ਅਸਲ ਕਾਰਨਾਂ ਦਾ ਪਤਾ ਪੋਸਟ-ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਰਘਵੀਰ ਸਿੰਘ ਨੇ ਜਸਵੀਰ ਸਿੰਘ ਦੀ ਮੌਤ ਸੰਬੰਧੀ ਪੜਤਾਲ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਪੁਲਸ ਨੂੰ ਉਸ ਵੱਲੋਂ ਕੀਤੀ ਬੇਅਦਬੀ ਦੀ ਜਾਂਚ ਵੀ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ।
ਉਧਰ, ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੀ ਪ੍ਰਬੰਧਕ ਕਮੇਟੀ ਅਤੇ ਡੇਰਾ ਕਾਰ ਸੇਵਾ ਵੱਲੋਂ ਐੱਸ ਡੀ ਐੱਮ ਦੀਪਾਂਕਰ ਗਰਗ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਜਸਵੀਰ ਸਿੰਘ ਦਾ ਮੋਰਿੰਡਾ ਦੇ ਕਿਸੇ ਵੀ ਸ਼ਮਸ਼ਾਨਘਾਟ ’ਚ ਸਸਕਾਰ ਨਾ ਹੋਣ ਦਿੱਤਾ ਜਾਵੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਹਰਦੀਪ ਸਿੰਘ ਆਨੰਦ, ਤੀਰਥ ਸਿੰਘ ਭਟੋਆ, ਰਵਿੰਦਰ ਸਿੰਘ, ਮਨਦੀਪ ਸਿੰਘ ਰੌਣੀ ਅਤੇ ਰਾਜਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਾ ਹੀ ਗ੍ਰੰਥੀ ਅਰਦਾਸ ਕਰੇਗਾ ਅਤੇ ਨਾ ਹੀ ਕੋਈ ਗੁਰਸਿੱਖ ਸਸਕਾਰ ’ਚ ਸ਼ਾਮਲ ਹੋਵੇਗਾ। ਮੈਂਬਰਾਂ ਨੇ ਦੱਸਿਆ ਕਿ ਦੋਸ਼ੀ ਨਮਿਤ ਪਾਠ ਲਈ ਸ਼ਹਿਰ ਦੇ ਕਿਸੇ ਗੁਰੂ ਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਹੀਂ ਦਿੱਤੇ ਜਾਣਗੇ ਅਤੇ ਨਾ ਹੀ ਕੋਈ ਪਾਠੀ ਸਿੰਘ ਅਤੇ ਕੀਰਤਨੀ ਜਥਾ, ਦੋਸ਼ੀ ਦੀ ਅੰਤਮ ਅਰਦਾਸ ਅਤੇ ਕੀਰਤਨ ਕਰੇਗਾ। ਮੈਂਬਰਾਂ ਨੇ ਦੱਸਿਆ ਕਿ ਐੱਸ ਡੀ ਐੱਮ ਨੇ ਭਰੋਸਾ ਦਿੱਤਾ ਹੈ ਕਿ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਸ਼ਹਿਰ ਤੇ ਇਲਾਕੇ ’ਚ ਅਮਨ ਬਣਾਈ ਰੱਖਣ ਲਈ ਢੁਕਵੇਂ ਕਦਮ ਚੁੱਕੇ ਜਾਣਗੇ। ਇਸੇ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਕੋਈ ਵਿਅਕਤੀ, ਜੋ ਗੁਰੂ ਗ੍ਰੰਥ ਸਾਹਿਬ ’ਚ ਅਕੀਦਾ ਰੱਖਦਾ ਹੈ, ਬੇਅਦਬੀ ਦੇ ਦੋਸ਼ੀ ਦੀਆਂ ਅੰਤਮ ਰਸਮਾਂ ’ਚ ਹਿੱਸਾ ਨਾ ਲਵੇ। ਗਿਆਨੀ ਰਘਬੀਰ ਸਿੰਘ ਨੇ ਵੀਡੀਓ ਜਾਰੀ ਕਰਕੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਬੇਅਦਬੀ ਕਾਂਡ ਦੇ ਦੋਸ਼ੀ ਦੀਆਂ ਅੰਤਮ ਰਸਮਾਂ ਵਿਚ ਸੰਗਤ ਹਿੱਸਾ ਨਾ ਲਏ ਤੇ ਨਾਲ ਹੀ ਗੁਰੂ ਘਰਾਂ ਦੇ ਪਾਠੀ ਸਿੰਘ ਤੇ ਰਾਗੀ ਸਿੰਘ ਵੀ ਸੇਵਾਵਾਂ ਨਾ ਦੇਣ। ਉਨ੍ਹਾ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਦੋਸ਼ੀ ਨਮਿਤ ਪਾਠ ਰੱਖਣ ਲਈ ਕੋਈ ਵੀ ਗੁਰ ੂਘਰ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਸ ਦੇ ਪਰਵਾਰਕ ਮੈਂਬਰਾਂ ਨੂੰ ਨਾ ਦੇਣ।




