20 ਮਾਰਚ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ’ਚ ਕਿਸਾਨ ਮਹਾਂ-ਪੰਚਾਇਤ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ 15 ਮੈਂਬਰੀ ਵਫਦ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਮੀਟਿੰਗ ਦੇ ਬਾਅਦ ਕਿਹਾ ਸੀ ਕਿ ਖੇਤੀ ਮੰਤਰੀ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨ 30 ਅਪ੍ਰੈਲ ਤੱਕ ਉਡੀਕਣਗੇ ਤੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅੰਦੋਲਨ ਦੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ। ਸਰਕਾਰ ਵੱਲੋਂ ਕੋਈ ਪੱਲਾ ਨਾ ਫੜਾਉਣ ’ਤੇ ਮੋਰਚੇ ਦੇ 200 ਤੋਂ ਵੱਧ ਆਗੂਆਂ ਨੇ ਦਿੱਲੀ ’ਚ ਮੀਟਿੰਗ ਕਰਕੇ ਨਵੇਂ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ 26 ਤੋਂ 31 ਮਈ ਤੱਕ ਸਾਰੇ ਰਾਜਾਂ ਵਿਚ ਪ੍ਰਦਰਸ਼ਨ ਕੀਤੇ ਜਾਣਗੇ। ਮਈ, ਜੂਨ ਤੇ ਜੁਲਾਈ ’ਚ ਦੇਸ਼ ਦੇ ਹਰ ਰਾਜ ’ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਸੂਬਾ ਤੇ ਜ਼ਿਲ੍ਹਾ ਪੱਧਰ ’ਤੇ ਸੰਮੇਲਨ ਕੀਤੇ ਜਾਣਗੇ। ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਇਕ ਤੋਂ 15 ਅਗਸਤ ਤੱਕ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਜਾਣਗੇ। ਸਤੰਬਰ ਤੋਂ ਮੱਧ ਨਵੰਬਰ ਤੱਕ ਰਾਸ਼ਟਰ-ਵਿਆਪੀ ਯਾਤਰਾਵਾਂ ਕੱਢੀਆਂ ਜਾਣਗੀਆਂ। ਇਹ ਖਾਸ ਤੌਰ ’ਤੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤਿਲੰਗਾਨਾ ’ਤੇ ਕੇਂਦਰਤ ਹੋਣਗੀਆਂ, ਜਿੱਥੇ ਅਸੰਬਲੀ ਚੋਣਾਂ ਹੋਣੀਆਂ ਹਨ। ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀਆਂ ਹੱਤਿਆਵਾਂ ਵਾਲੇ ਦਿਨ 3 ਅਕਤੂਬਰ ਨੂੰ ਰਾਸ਼ਟਰ-ਵਿਆਪੀ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਕੇਂਦਰ ਸਰਕਾਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ ਦੀ ਕਾਮਯਾਬੀ ’ਤੇ 26 ਨਵੰਬਰ ਨੂੰ ਰਾਸ਼ਟਰ-ਵਿਆਪੀ ਵਿਜੇ ਦਿਵਸ ਮਨਾਇਆ ਜਾਵੇਗਾ, ਜਿਸ ਸੰਬੰਧ ’ਚ ਸਾਰੇ ਰਾਜਾਂ ਦੀਆਂ ਰਾਜਧਾਨੀਆਂ ’ਚ ਤਿੰਨ ਦਿਨ ਧਰਨਾ ਚੱਲੇਗਾ।
ਹਰਿਆਣਾ, ਪੱਛਮੀ ਯੂ ਪੀ, ਪੰਜਾਬ ਤੇ ਰਾਜਸਥਾਨ ਵਿਚ ਮਾਹੌਲ ’ਚ ਫਿਰ ਸਰਗਰਮੀ ਨਜ਼ਰ ਆ ਰਹੀ ਹੈ। ਇਤਿਹਾਸਕ ਕਿਸਾਨ ਅੰਦੋਲਨ ਦੇ ਬਾਅਦ ਅਗਨੀਵੀਰ ਯੋਜਨਾ ਖਿਲਾਫ ਜ਼ਬਰਦਸਤ ਹਲਚਲ ਰਹੀ ਤੇ ਹੁਣ ਤੀਜਾ ਮੌਕਾ ਹੈ, ਜਦ ਉਥੇ ਫਿਰ ਉਬਾਲ ਆ ਰਿਹਾ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਪੁਲਵਾਮਾ ਕਾਂਡ ਬਾਰੇ ਕੀਤੇ ਖੁਲਾਸਿਆਂ ਅਤੇ ਭਾਜਪਾ ਸਾਂਸਦ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਖਿਲਾਫ ਯੌਨ ਸ਼ੋਸ਼ਣ ਦੇ ਦੋਸ਼ਾਂ ਨੇ ਦਿੱਲੀ ਦੇ ਆਲੇ-ਦੁਆਲੇ ਸਮੁੱਚੀ ਕਿਸਾਨ ਪੱਟੀ ’ਚ ਭੁਚਾਲ ਲਿਆਂਦਾ ਹੋਇਆ ਹੈ। ਮਲਿਕ ਪੂਰੇ ਇਲਾਕੇ ’ਚ ਰੈਲੀਆਂ ਕਰ ਰਹੇ ਹਨ ਤੇ ਸੀ ਬੀ ਆਈ ਵੱਲੋਂ ਉਨ੍ਹਾ ਦੀ ਘੇਰੇਬੰਦੀ ਦੀਆਂ ਕੋਸ਼ਿਸ਼ਾਂ ਖਿਲਾਫ ਕਿਸਾਨ ਲਾਮਬੰਦ ਹੋ ਰਹੇ ਹਨ। ਬਿ੍ਰਜ ਭੂਸ਼ਣ ਖਿਲਾਫ ਦਿੱਲੀ ਦੇ ਜੰਤਰ-ਮੰਤਰ ’ਚ ਪਹਿਲਵਾਨਾਂ ਦੇ ਧਰਨੇ ’ਚ ਵੱਡੇ ਕਿਸਾਨ ਆਗੂਆਂ ਤੋਂ ਇਲਾਵਾ ਖਾਪ ਪੰਚਾਇਤ ਦੇ ਆਗੂ ਪੁੱਜ ਰਹੇ ਹਨ।
ਉੱਤਰ-ਪੱਛਮੀ ਭਾਰਤ ਤੋਂ ਇਲਾਵਾ ਮਹਾਰਾਸ਼ਟਰ ’ਚ ਪਿਛਲੇ ਚਾਰ ਸਾਲ ਤੋਂ ਗਰੀਬਾਂ, ਆਦੀਵਾਸੀਆਂ ਤੇ ਕਿਸਾਨਾਂ ਦਾ ਅੰਦੋਲਨ ਨਿਰੰਤਰ ਚੱਲ ਰਿਹਾ ਹੈ। ਇਸ ਨੇ ਸਰਕਾਰ ਦੀਆਂ ਕਈ ਵਾਰ ਗੋਡਣੀਆਂ ਲੁਆਈਆਂ ਹਨ। ਇਹ ਲੜੀਵਾਰ ਅੰਦੋਲਨ ਦੇਸ਼ ਭਰ ਦੇ ਕਿਸਾਨਾਂ ਲਈ ਪ੍ਰੇਰਣਾ-ਸਰੋਤ ਬਣਿਆ ਹੋਇਆ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੂਰੇ ਦੇਸ਼ ਦੇ ਕਿਸਾਨ ਅੰਦੋਲਨ ’ਚ ਜ਼ੋਰ-ਸ਼ੋਰ ਨਾਲ ਕੁੱਦਣਗੇ।