ਟੋਰਾਂਟੋ : ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ’ਚ 40 ਸਾਲਾ ਗ੍ਰੰਥੀ ’ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਗਏ ਹਨ। ਭੁਪਿੰਦਰ ਸਿੰਘ ਸੋਨੂੰ, ਜੋ ਸਰੀ ਪ੍ਰੋਵਿੰਸ਼ੀਅਲ ਕੋਰਟ ’ਚ ਪੇਸ਼ ਹੋਇਆ, ਉੱਤੇ ਤਿੰਨ ਬੱਚਿਆਂ ਦਾ ਸ਼ੋਸ਼ਣ ਕਰਨ ਲਈ ਛੇ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ। ਬਚਾਅ ਪੱਖ ਦੇ ਵਕੀਲ ਗਗਨ ਨਾਹਲ ਅਨੁਸਾਰ ਸੋਨੂੰ, ਜੋ ਲੈਂਗਲੇ ’ਚ ਫਰੇਜ਼ਰ ਵੈਲੀ ਦੇ ਖਾਲਸਾ ਸਕੂਲ ’ਚ ਤਬਲਾ ਅਧਿਆਪਕ ਅਤੇ ਗ੍ਰੰਥੀ ਸੀ, ਵਰਕ ਪਰਮਿਟ ’ਤੇ ਕੈਨੇਡਾ ਆਇਆ ਸੀ ਅਤੇ ਦੋ ਹਫਤੇ ਪਹਿਲਾਂ ਪਰਮਾਨੈਂਟ ਰੈਜ਼ੀਡੈਂਟ ਬਣਿਆ ਸੀ। ਸੋਨੂੰ ਹੁਣ ਸਕੂਲ ’ਚ ਨੌਕਰੀ ਨਹੀਂ ਕਰਦਾ। ਅਦਾਲਤੀ ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਕਥਿਤ ਅਪਰਾਧ ਸਤੰਬਰ 2022 ਤੋਂ ਫਰਵਰੀ 2023 ਦਰਮਿਆਨ ਹੋਏ ਸਨ। ਸੋਨੂੰ ਨੂੰ ਸਖਤ ਜ਼ਮਾਨਤ ਦੀਆਂ ਸ਼ਰਤਾਂ ਤਹਿਤ ਰਿਹਾਅ ਕੀਤਾ ਗਿਆ ਹੈ ਅਤੇ ਅਦਾਲਤ ’ਚ ਉਸ ਦੀ ਅਗਲੀ ਪੇਸ਼ੀ 30 ਮਈ ਨੂੰ ਹੋਵੇਗੀ। ਕੈਨੇਡਾ ਦੇ ਅਪਰਾਧਿਕ ਜ਼ਾਬਤੇ ਦੇ ਤਹਿਤ ਸਭ ਤੋਂ ਵੱਧ ਸਜ਼ਾ 14 ਸਾਲ ਦੀ ਕੈਦ ਹੈ।




