ਚੰਡੀਗੜ੍ਹ (ਗੁਰਜੀਤ ਬਿੱਲਾ)-ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਫਤ ਮੁਹੱਈਆ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (ਸ਼ੁੱਕਰਵਾਰ) ਨੂੰ ਲੁਧਿਆਣਾ ਵਿਖੇ 80 ਆਮ ਆਦਮੀ ਕਲੀਨਿਕ ਸੂਬਾ ਵਾਸੀਆਂ ਨੂੰ ਸਮਰਪਿਤ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਸੂਬੇ ’ਚ ਤਕਰੀਬਨ 580 ਆਮ ਆਦਮੀ ਕਲੀਨਿਕ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਾਰਜਸ਼ੀਲ ਹੋ ਜਾਣਗੇ। ਪਹਿਲੇ ਪੜਾਅ ’ਚ 100 ਕਲੀਨਿਕ ਸਮਰਪਿਤ ਕੀਤੇ ਗਏ ਸਨ ਅਤੇ ਦੂਜੇ ਪੜਾਅ ’ਚ 404 ਅਤੇ ਹੁਣ 80 ਕਲੀਨਿਕ ਸੂਬੇ ਦੀ ਸੇਵਾ ’ਚ ਸਮਰਪਿਤ ਕੀਤੇ ਜਾਣਗੇ। ਆਮ ਆਦਮੀ ਕਲੀਨਿਕ ਮੁੱਖ ਮੰਤਰੀ ਦਾ ਸੁਪਨਮਈ ਪ੍ਰੋਜੈਕਟ ਹੈ, ਜੋ ਕਿ ਲੋਕਾਂ ਦੀ ਭਲਾਈ ਦੇ ਉਦੇਸ਼ ਨਾਲ ਉਨ੍ਹਾਂ ਦੀ ਸਭ ਤੋਂ ਪ੍ਰਮੁੱਖ ਤਰਜੀਹ ਹੈ ਅਤੇ ਇਹ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਕਾਰਗਰ ਸਿੱਧ ਹੋ ਰਹੇ ਹਨ।



