ਮਨੀਪੁਰ ’ਚ ਦੇਖਦਿਆਂ ਗੋਲੀ ਦੇ ਹੁਕਮ

0
215

ਇੰਫਾਲ : ਮਨੀਪੁਰ ’ਚ ਕਬਾਇਲੀਆਂ ਦੇ ਅੰਦੋਲਨ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਸਥਿਤੀ ’ਤੇ ਕਾਬੂ ਪਾਉਣ ਲਈ ਫੌਜ ਅਤੇ ਅਸਾਮ ਰਾਈਫਲਜ਼ ਨੂੰ ਤਾਇਨਾਤ ਕੀਤਾ ਗਿਆ ਹੈ। ਹਿੰਸਾਕਾਰੀਆਂ ਨੂੰ ਦੇਖਦਿਆਂ ਗੋਲੀ ਮਾਰਨ ਦੇ ਹੁਕਮ ਵੀ ਦਿੱਤੇ ਗਏ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ 9,000 ਲੋਕਾਂ ਨੂੰ ਸੁਰੱਖਿਆ ਬਲਾਂ ਨੇ ਹਿੰਸਾ ਪ੍ਰਭਾਵਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ’ਚ ਹਿੰਸਾ ’ਤੇ ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨਾਲ ਗੱਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਕਿਸੇ ਗਲਤਫਹਿਮੀ ਕਾਰਨ ਹੋਈ ਹੈ। ਸੂਬੇ ’ਚ ਪੰਜ ਦਿਨਾਂ ਲਈ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ ਤੇ 8 ਜ਼ਿਲ੍ਹਿਆਂ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਆਲ ਇੰਡੀਆ ਟਰਾਈਬਲ ਸਟੂਡੈਂਟਸ ਯੂਨੀਅਨ ਨੇ ਬੁੱਧਵਾਰ ਟਰਾਈਬਲ ਸਾਲੀਡੈਰਿਟੀ ਮਾਰਚ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਕਬਾਇਲੀਆਂ ਤੇ ਗੈਰ-ਕਬਾਇਲੀਆਂ ਵਿਚਾਲੇ ਝੜਪ ਹੋ ਗਈ। ਕਬਾਇਲੀ ਗੈਰ-ਕਬਾਇਲੀਆਂ ਨੂੰ ਪੱਟੀਦਰਜ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ। ਮਨੀਪੁਰ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਮੈਤੇਈ ਭਾਈਚਾਰੇ ਦੀ ਇਸ ਮੰਗ ’ਤੇ ਵਿਚਾਰ ਕਰਕੇ ਕੇਂਦਰ ਨੂੰ ਚਾਰ ਮਹੀਨਿਆਂ ਵਿਚ ਸਿਫਾਰਸ਼ ਘੱਲੇ। ਇਸ ਦਾ ਕਬਾਇਲੀ ਵਿਰੋਧ ਕਰ ਰਹੇ ਹਨ। ਮਨੀਪੁਰ ਵਿਚ 53 ਫੀਸਦੀ ਗੈਰ-ਕਬਾਇਲੀ ਮੈਤੇਈ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਮਿਆਮਾਰ ਤੇ ਬੰਗਲਾਦੇਸ਼ ਤੋਂ ਕਾਫੀ ਲੋਕ ਸੂਬੇ ਵਿਚ ਦਾਖਲ ਹੋ ਗਏ ਹਨ ਤੇ ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਪਹਾੜੀ ਇਲਾਕਿਆਂ ਵਿਚ ਵਸਣ ਦੀ ਆਗਿਆ ਨਹੀਂ ਹੈ।

LEAVE A REPLY

Please enter your comment!
Please enter your name here