ਜ਼ਲਾਲਤ ਤੋਂ ਬਾਅਦ ਭਲਵਾਨਾਂ ਵੱਲੋਂ ਤਮਗੇ ਮੋੜਨ ਦੀ ਪੇਸ਼ਕਸ਼

0
219

ਨਵੀਂ ਦਿੱਲੀ : ਦਿੱਲੀ ਪੁਲਸ ਵੱਲੋਂ ਕੀਤੀ ਬਦਸਲੂਕੀ ਤੋਂ ਦੁਖੀ ਭਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸਰਕਾਰ ਨੂੰ ਆਪਣੇ ਤਮਗੇ ਅਤੇ ਪੁਰਸਕਾਰ ਵਾਪਸ ਕਰਨ ਦੀ ਪੇਸ਼ਕਸ਼ ਕਰਦੇ ਹੋਏ ਵੀਰਵਾਰ ਕਿਹਾ ਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਬੇਇੱਜ਼ਤ ਕੀਤਾ ਜਾ ਰਿਹਾ ਹੈ, ਉਸ ਨਾਲ ਇਨ੍ਹਾਂ ਪੁਰਸਕਾਰਾਂ ਤੇ ਤਮਗਿਆਂ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ। ਉਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਨੇ ਸਵੇਰੇ ਪੱਤਰਕਾਰਾਂ ਨੂੰ ਕਿਹਾਜੇ ਭਲਵਾਨਾਂ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਅਸੀਂ ਇਨ੍ਹਾਂ ਮੈਡਲਾਂ ਦਾ ਕੀ ਕਰਾਂਗੇ। ਇਸ ਦੀ ਬਜਾਏ ਅਸੀਂ ਭਾਰਤ ਸਰਕਾਰ ਨੂੰ ਆਪਣੇ ਸਾਰੇ ਮੈਡਲ ਅਤੇ ਪੁਰਸਕਾਰ ਵਾਪਸ ਕਰ ਦੇਵਾਂਗੇ ਅਤੇ ਆਮ ਜ਼ਿੰਦਗੀ ਜੀਵਾਂਗੇ। ਅਸੀਂ ਪਦਮਸ੍ਰੀ ਪੁਰਸਕਾਰ ਜੇਤੂ ਹਾਂ ਅਤੇ ਸਿਰਫ ਮੈਂ ਹੀ ਨਹੀਂ, ਸਾਕਸ਼ੀ (ਮਲਿਕ) ਵੀ ਇੱਥੇ ਹੈ।
ਉਹ ਸਾਡੇ ਨਾਲ ਦੁਰਵਿਹਾਰ ਕਰ ਰਹੇ ਹਨ। ਔਰਤਾਂ ਅਤੇ ਧੀਆਂ ਸੜਕਾਂ ’ਤੇ ਬੈਠੀਆਂ ਰਹਿਮ ਦੀ ਭੀਖ ਮੰਗ ਰਹੀਆਂ ਹਨ, ਪਰ ਕੋਈ ਪ੍ਰਵਾਹ ਨਹੀਂ ਕਰ ਰਿਹਾ।
ਖੇਲ ਰਤਨ ਐਵਾਰਡੀ ਵਿਨੇਸ਼ ਫੋਗਾਟ ਨੇ ਕਿਹਾਸਾਡੇ ਤੋਂ ਸਾਰੇ ਤਮਗੇ ਲੈ ਲਓ। ਸਾਨੂੰ ਬਹੁਤ ਜ਼ਲੀਲ ਕੀਤਾ ਗਿਆ ਹੈ। ਅਸੀਂ ਆਪਣੀ ਇੱਜ਼ਤ ਲਈ ਲੜ ਰਹੇ ਹਾਂ, ਪਰ ਸਾਨੂੰ ਕੁਚਲਿਆ ਜਾ ਰਿਹਾ ਹੈ। ਕੀ ਸਾਰੇ ਮਰਦਾਂ ਨੂੰ ਔਰਤਾਂ ਨਾਲ ਦੁਰਵਿਹਾਰ ਕਰਨ ਦਾ ਹੱਕ ਹੈ? ਅਸੀਂ ਆਪਣੇ ਸਾਰੇ ਮੈਡਲ ਵਾਪਸ ਕਰ ਦੇਵਾਂਗੇ, ਭਾਵੇਂ ਅਸੀਂ ਆਪਣੀ ਜਾਨ ਵੀ ਦੇ ਦੇਵਾਂਗੇ, ਪਰ ਘੱਟੋ-ਘੱਟ ਸਾਨੂੰ ਇਨਸਾਫ ਤਾਂ ਦਿਓ।
ਇਸੇ ਦੌਰਾਨ ਦਿੱਲੀ ਪੁਲਸ ਨੇ ਭਲਵਾਨਾਂ ਦੀ ਧਰਨੇ ਵਾਲੀ ਥਾਂ ਜੰਤਰ-ਮੰਤਰ ਵਿਖੇ ਸਵੇਰੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਭਲਵਾਨਾਂ ਵੱਲੋਂ ਕਿਸਾਨਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਧਰਨੇ ਵਾਲੀ ਥਾਂ ’ਤੇ ਇਕੱਠੇ ਹੋਣ ਦੀ ਅਪੀਲ ਤੋਂ ਬਾਅਦ ਪੁਲਸ ਨੇ ਇਹ ਪੇਸ਼ਬੰਦੀਆਂ ਕੀਤੀਆਂ। ਪੁਲਸ ਸ਼ਹਿਰ ਦੀਆਂ ਹੱਦਾਂ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ, ਤਾਂ ਜੋ ਜੰਤਰ-ਮੰਤਰ ’ਤੇ ਭੀੜ ਇਕੱਠੀ ਨਾ ਹੋ ਸਕੇ। ਦਿੱਲੀ ਦੇ ਸਿੰਘੂ ਬਾਰਡਰ ’ਤੇ ਦਿੱਲੀ ਨੂੰ ਆਉਣ ਵਾਲੀ ਲੇਨ ’ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ। ਸਿੰਘੂ ਬਾਰਡਰ ’ਤੇ ਪੁਲਸ ਗੱਡੀਆਂ ਨੂੰ ਇਕ-ਇਕ ਕਰਕੇ ਦਿੱਲੀ ਵਿਚ ਦਾਖਲ ਹੋਣ ਦੇ ਰਹੀ ਸੀ। ਦਿੱਲੀ ਪੁਲਸ ਨੇ ਦਾਅਵਾ ਕੀਤਾ ਕਿ ਜੰਤਰ-ਮੰਤਰ ’ਤੇ ਬੁੱਧਵਾਰ ਰਾਤ ਪ੍ਰਦਰਸ਼ਨਕਾਰੀ ਭਲਵਾਨਾਂ ਵਿਰੁੱਧ ਕੋਈ ਤਾਕਤ ਨਹੀਂ ਵਰਤੀ ਗਈ, ਸਗੋਂ ਉਸ ਦੇ ਪੰਜ ਮੁਲਾਜ਼ਮ ਜ਼ਖਮੀ ਹੋਏ ਹਨ।
ਇਹ ਦਾਅਵਾ ਵੀ ਕੀਤਾ ਗਿਆ ਕਿ ਕੋਈ ਵੀ ਪੁਲਸ ਮੁਲਾਜ਼ਮ ਸ਼ਰਾਬੀ ਨਹੀਂ ਸੀ ਤੇ ਮੌਕੇ ’ਤੇ ਕਾਫੀ ਗਿਣਤੀ ’ਚ ਮਹਿਲਾ ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here