ਮੁੰਬਈ : ਸ਼ਰਦ ਪਵਾਰ (82) ਸ਼ੁੱਕਰਵਾਰ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਦੀ ਪ੍ਰਧਾਨਗੀ ਨਾ ਛੱਡਣ ਲਈ ਮੰਨ ਗਏ | ਇਸ ਤੋਂ ਪਹਿਲਾਂ ਉਨ੍ਹਾ ਵੱਲੋਂ ਆਪਣਾ ਜਾਨਸ਼ੀਨ ਚੁਣਨ ਲਈ ਬਣਾਈ ਗਈ ਕਮੇਟੀ ਨੇ ਪ੍ਰਧਾਨਗੀ ਛੱਡਣ ਦਾ ਪਵਾਰ ਦਾ ਫੈਸਲਾ ਮਤਾ ਪਾਸ ਕਰਕੇ ਰੱਦ ਕਰ ਦਿੱਤਾ ਸੀ | ਮੰਗਲਵਾਰ ਆਪਣੀ ਆਤਮਕਥਾ ‘ਲੋਕ ਮਾਝੇ ਸਾਂਗਾਤੀ’ ਨੂੰ ਜਾਰੀ ਕਰਨ ਵੇਲੇ ਪਵਾਰ ਨੇ ਪ੍ਰਧਾਨਗੀ ਛੱਡਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ | ਉਨ੍ਹਾਂ ਨੇ ਆਪਣੇ ਉੱਤਰਾਧਿਕਾਰੀ ਦਾ ਫੈਸਲਾ ਕਰਨ ਲਈ ਪਾਰਟੀ ਦੀ ਕਮੇਟੀ ਵੀ ਬਣਾਈ ਸੀ, ਜਿਸ ‘ਚ ਅਜੀਤ ਪਵਾਰ, ਸੁਪਿ੍ਆ ਸੂਲੇ, ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਅਤੇ ਛਗਨ ਭੁਜਬਲ ਸ਼ਾਮਲ ਸਨ | ਕਮੇਟੀ ਦੇ ਮੈਂਬਰਾਂ ਨੇ ਪਵਾਰ ਨੂੰ ਦਪਹਿਰੇ ਆਪਣੇ ਫੈਸਲੇ ਬਾਰੇ ਦੱਸਿਆ ਤਾਂ ਉਨ੍ਹਾ ਕਿਹਾ ਕਿ ਉਹ ਕੁਝ ਸਮਾਂ ਵਿਚਾਰ ਕਰਕੇ ਆਪਣਾ ਨਵਾਂ ਫੈਸਲਾ ਦੱਸਣਗੇ | ਸ਼ਾਮ ਨੂੰ ਪਵਾਰ ਨੇ ਕਿਹਾ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਦਾ ਅਨਾਦਰ ਨਹੀਂ ਕਰ ਸਕਦੇ ਤੇ ਪ੍ਰਧਾਨ ਬਣੇ ਰਹਿਣਗੇ |