ਲੰਡਨ : ਬਿ੍ਰਟੇਨ ਦੇ ਕਿੰਗ ਚਾਰਲਸ ਤੀਜੇ ਅਤੇ ਕਵੀਨ ਕੈਮਿਲਾ ਦਾ ਤਾਜਪੋਸ਼ੀ ਸਮਾਰੋਹ ਵੈਸਟਮਿੰਸਟਰ ਐਬੇ ਚਰਚ ਵਿਖੇ ਹੋਇਆ। ਇਸ ਦੌਰਾਨ ਆਰਚਬਿਸ਼ਪ ਨੇ ਸਾਰੀਆਂ ਰਸਮਾਂ ਤੋਂ ਬਾਅਦ ਕਿੰਗ ਚਾਰਲਸ ਅਤੇ ਕਵੀਨ ਕੈਮਿਲਾ ਨੂੰ ਤਾਜ ਪਹਿਨਾਇਆ। ਕੋਹਿਨੂਰ ਨੂੰ ਤਾਜ ਤੋਂ ਹਟਾ ਦਿੱਤਾ ਗਿਆ ਸੀ, ਜੋ ਰਾਣੀ ਨੇ ਪਹਿਨਿਆ ਸੀ। ਬਿ੍ਰਟਿਸ ਸ਼ਾਹੀ ਪਰਵਾਰ ਦੀ 70 ਸਾਲ ਬਾਅਦ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ 1953 ਵਿੱਚ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਹੋਈ ਸੀ। ਚਾਰਲਸ ਉਸ ਸਮੇਂ 4 ਸਾਲ ਦੇ ਸਨ। ਹੁਣ ਕਿੰਗ ਚਾਰਲਸ 74 ਸਾਲ ਦੇ ਹਨ।
ਤਾਜਪੋਸ਼ੀ ਤੋਂ ਬਾਅਦ ਕੈਮਿਲਾ ਨੂੰ ਵੀ ਮਹਾਰਾਣੀ ਦਾ ਦਰਜਾ ਮਿਲ ਗਿਆ। ਵੈਸਟਮਿੰਸਟਰ ਐਬੇ 1066 ਤੋਂ ਹਰ ਬਿ੍ਰਟਿਸ਼ ਤਾਜਪੋਸ਼ੀ ਦਾ ਸਥਾਨ ਰਿਹਾ ਹੈ ਅਤੇ ਸਮਰਾਟ ਚਾਰਲਸ ਅਤੇ ਉਨ੍ਹਾ ਦੀ ਪਤਨੀ ਕੈਮਿਲਾ ਨੇ ਇਸ ਸ਼ਾਨਦਾਰ ਪ੍ਰੰਪਰਾ ਦੀ ਪਾਲਣਾ ਕੀਤੀ। ਸ਼ਾਹੀ ਜੋੜਾ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ ਤੱਕ ਬੱਘੀ ਵਿਚ ਸਵਾਰ ਹੋ ਕੇ ਤਾਜਪੋਸ਼ੀ ਵਾਲੀ ਥਾਂ ’ਤੇ ਪਹੁੰਚਿਆ। ਤਾਜਪੋਸ਼ੀ ਤੋਂ ਬਾਅਦ ਚਾਰਲਸ ਅਤੇ ਕੈਮਿਲਾ ‘ਗੋਲਡ ਸਟੇਟ ਕੋਚ’ ਵਿੱਚ ਮਹਿਲ ਪਰਤ ਗਏ। ਚਾਰਲਸ ਨੂੰ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੇਲਬੀ ਵੱਲੋਂ ਤਾਜ ਪਹਿਨਾਇਆ ਗਿਆ, ਜੋ ਇੰਗਲੈਂਡ ਦੇ ਰਾਜੇ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਦੌਰਾਨ ਹਿੰਦੂ, ਸਿੱਖ, ਮੁਸਲਿਮ, ਬੋਧੀ ਅਤੇ ਯਹੂਦੀ ਭਾਈਚਾਰਿਆਂ ਦੇ ਧਾਰਮਕ ਆਗੂ ਅਤੇ ਨੁਮਾਇੰਦੇ ਵੀ ਮੌਜੂਦ ਸਨ।