ਚੰਡੀਗੜ੍ਹ (ਗੁਰਜੀਤ ਬਿੱਲਾ)
ਜ਼ਿਲ੍ਹਾ ਕੌਂਸਲ ਚੰਡੀਗੜ੍ਹ ਅਤੇ ਮੋਹਾਲੀ ਸੀ ਪੀ ਆਈ ਵੱਲੋਂ ਮਹਾਨ ਮਾਰਕਸਵਾਦੀ ਚਿੰਤਕ ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ ‘ਅਜੋਕਾ ਸਮੇਂ ’ਚ ਮਾਰਕਸਵਾਦ ਦੀ ਸਾਰਥਿਕਤਾ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭੁਪਿੰਦਰ ਸਾਂਬਰ ਸਾਬਕਾ ਸੂਬਾ ਸਕੱਤਰ ਨੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਅਮਰੀਕਾ ਦੀ ਅਗਵਾਈ ’ਚ ਸਾਮਰਾਜ ਸੰਸਾਰ ਨੂੰ ਇਕ ਧਰੁਵੀ ਕਰਨਾ ਲੋਚਦਾ ਸੀ, ਜੋ ਫੋਕਾ ਸੁਪਨਾ ਹੀ ਸਾਬਤ ਹੋਇਆ। ਮਾਰਕਸਵਾਦ ਦੀਆਂ ਸਿੱਖਿਆਵਾਂ ਅੱਜ ਵੀ ਸੰਸਾਰ ਭਰ ਦੀਆਂ ਮਜ਼ਦੂਰ ਜਮਾਤਾਂ ਦੀ ਅਗਵਾਈ ਕਰ ਰਹੀਆਂ ਹਨ। ਰੂਸ ਦਾ ਯੂਕਰੇਨ ’ਤੇ ਹਮਲਾ ਅਸਲ ’ਚ ਅਮਰੀਕਾ ਦੀਆਂ ਰੂਸ ਖਿਲਾਫ ਸਾਜ਼ਿਸ਼ਾਂ ਦਾ ਸਿੱਟਾ ਹੈ, ਜੋ ਹੁਣ ਸੰਸਾਰ ਨੂੰ ਸਾਫ਼ ਹੋ ਗਿਆ ਹੈ। ਲਤੀਨੀ ਅਮਰੀਕਾ ਮਾਰਕਸਵਾਦੀ ਰਾਹ ਚੁਣ ਰਿਹਾ ਹੈ, ਜਿਸ ਨੂੰ ਰੋਕਣ ਲਈ ਅਮਰੀਕਾ ਵਾਰ-ਵਾਰ ਕੋਸ਼ਿਸ਼ ਕਰਦਾ ਅਸਫਲ ਹੋ ਰਿਹਾ ਹੈ। ਸੰਸਾਰ ਅਮਨ ਅਤੇ ਮਾਨਵਤਾ ਦੀ ਭਲਾਈ ਲਈ ਮਾਰਕਸਵਾਦੀ ਫਲਸਫ਼ਾ ਹੀ ਇਕੋ ਇਕ ਰਾਹ-ਦਸੇਰਾ ਹੈ।
ਬੰਤ ਬਰਾੜ ਸੂਬਾ ਸਕੱਤਰ ਸੀ ਪੀ ਆਈ ਨੇ ਕਿਹਾ ਕਿ ਕਾਰਲ ਮਾਰਕਸ ਸਾਨੂੰ ਆਰਥਕ, ਰਾਜਨੀਤਕ ਅਤੇ ਵਿਚਾਰਧਾਰਕ ਲੜਾਈ ਲੜ ਕੇ ਹਰ ਪੱਖੋਂ ਤਕੜੇ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਾਮਰਾਜੀ ਸ਼ਕਤੀਆਂ ਅਤੇ ਕਾਰਪੋਰੇਟਜ਼ ਖਿਲਾਫ ਇਕਜੁੱਟ ਹੋ ਕੇ ਮਿਹਨਤਕਸ਼ ਕਿਰਤੀ ਜਮਾਤ ਦੀ ਲੁੱਟ ਖਤਮ ਕਰਨ ਦਾ ਹੋਕਾ ਦਿੰਦਾ ਹੈ। ਮਾਰਕਸਵਾਦ ਸਾਨੂੰ ਲੋਟੂਆਂ ਦੀ ਪਛਾਣ ਕਰਾ ਕੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਰਾਹ ਦੱਸਦਾ ਹੈ। ਰੂਸੀ ਇਨਕਲਾਬ ਤੋਂ 100 ਸਾਲ ਬਾਅਦ ਵੀ ਮਾਰਕਸਵਾਦ ਪੁਰਅਮਨ ਢੰਗ ਨਾਲ ਜਿਉਂਦੇ ਹੋਏ ਵਿਕਾਸ ਕਰਨ ਵੱਲ ਪ੍ਰੇਰਦਾ ਹੈ, ਪਰ ਸਾਮਰਾਜੀ ਸ਼ਕਤੀਆਂ ਸੰਸਾਰ ਦੇ ਵੱਖ-ਵੱਖ ਦੇਸ਼ਾਂ ਨੂੰ ਜੰਗ ’ਚ ਧੱਕ ਕੇ ਮੁਨਾਫ਼ੇ ਕਮਾਉਣ ਦੇ ਰਾਹ ਪਈਆਂ ਹੋਈਆਂ ਹਨ। ਅੱਜ ਦੇਸ਼ ਦਾ ਸੰਵਿਧਾਨ, ਜਮਹੂਰੀਅਤ, ਮਾਨਵਤਾ, ਨਿਆਂਇਕ ਵਿਕਸਥਾ ਅਤੇ ਸਾਂਝੀਵਾਲਤਾ ਖ਼ਤਰੇ ’ਚ ਹੈ। ਅੱਜ ਸਮੇਂ ਦੀ ਲੋੜ ਹੈ ਕਿ ਖੱਬੀਆਂ ਤੇ ਜਮਹੂਰੀ ਲੋਕ ਪੱਖੀ ਸ਼ਕਤੀਆਂ/ ਤਾਕਤਾਂ ਇਕਜੁੱਟ ਹੋ ਕੇ ਸੰਘਰਸ਼ ਕਰਨ। ਸਮਾਗਮ ਦੌਰਾਨ ਗੁਰਨਾਮ ਕੰਵਰ ਅਤੇ ਭੁਪਿੰਦਰ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ। ਸਵਾਗਤੀ ਸ਼ਬਦ ਜਸਪਾਲ ਦੱਪਰ ਸਕੱਤਰ ਸੀ ਪੀ ਆਈ ਮੋਹਾਲੀ ਨੇ ਕਹੇ। ਅੰਤ ’ਚ ਧੰਨਵਾਦ ਮਤਾ ਰਾਜ ਕੁਮਾਰ ਸਕੱਤਰ ਸੀ ਪੀ ਆਈ ਚੰਡੀਗੜ੍ਹ ਨੇ ਪੇਸ਼ ਕੀਤਾ। ਉਪਰੋਕਤ ਤੋਂ ਇਲਾਵਾ ਦੇਵੀ ਦਿਆਲ ਸ਼ਰਮਾ, ਅੰਮਿ੍ਰਤਪਾਲ, ਪ੍ਰੀਤਮ ਸਿੰਘ ਹੁੰਦਲ, ਦਿਲਦਾਰ ਸਿੰਘ, ਗੁਰਦਿਆਲ ਸਿੰਘ, ਗੁਰਚਰਨ ਸਿੰਘ, ਕੇਹਰ ਸਿੰਘ, ਬਲਵਿੰਦਰ ਸਿੰਘ, ਮਹਿੰਦਰਪਾਲ ਸਿੰਘ, ਸੁਰਜੀਤ ਕੌਰ ਕਾਲੜਾ, ਰਮਿੰਦਰਪਾਲ ਸਿੰਘ, ਮਨੱਵਰ, ਲਾਲ ਜੀ ਲਾਲੀ, ਵਿਜੇ ਸ਼ਰਮਾ, ਸੁਭਾਸ਼ ਕੁਮਾਰ, ਗੁਰਮੁਖ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ (ਸੀ ਟੀ ਯੂ) ਅਤੇ ਸੇਵੀ ਰਾਇਤ ਸ਼ਾਮਲ ਹੋਏ। ਸਮਾਗਮ ਦੌਰਾਨ ਮੰਚ ਸੰਚਾਲਨ ਕਰਮ ਸਿੰਘ ਵਕੀਲ ਨੇ ਬਾਖੂਬੀ ਨਿਭਾਇਆ।