ਅੰਮਿ੍ਰਤਸਰ : ਇੱਥੇ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ਵਿਚ ਸੋਮਵਾਰ ਸਵੇਰੇ ਮੁੜ ਧਮਾਕਾ ਹੋਇਆ। ਇਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਇਕ ਵਿਅਕਤੀ ਜ਼ਖਮੀ ਹੋ ਗਿਆ। ਧਮਾਕੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਫੋਰੈਂਸਿਕ ਟੀਮ ਦੇ ਹੋਰ ਮਾਹਰ ਮੌਕੇ ’ਤੇ ਪੁੱਜ ਗਏ। ਫੋਰੈਂਸਿਕ ਮਾਹਰਾਂ ਨੇ ਧਮਾਕੇ ਵਾਲੀ ਥਾਂ ਤੋਂ ਕੁਝ ਨਮੂਨੇ ਲਏ। ਪੁਲਸ ਕਮਿਸ਼ਨਰ ਨੇ ਕਿਹਾ ਕਿ ਘਟਨਾ ਦੀ ਜਾਂਚ ਤੋਂ ਬਾਅਦ ਹੀ ਇਸ ਧਮਾਕੇ ਬਾਰੇ ਕੁਝ ਕਿਹਾ ਜਾ ਸਕਦਾ ਹੈ। ਸ਼ਨਿਚਰਵਾਰ ਰਾਤ 12 ਵਜੇ ਇਸੇ ਥਾਂ ’ਤੇ ਧਮਾਕਾ ਹੋਇਆ ਸੀ। ਧਮਾਕੇ ਕਾਰਨ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ, ਜਿਸ ਨਾਲ ਕੁਝ ਸ਼ਰਧਾਲੂ ਜ਼ਖਮੀ ਹੋ ਗਏ ਸਨ। ਐਤਵਾਰ ਵੀ ਮਾਹਰਾਂ ਦੀ ਟੀਮ ਨੇ ਇਸ ਇਲਾਕੇ ਵਿਚ ਕੁਝ ਨਮੂਨੇ ਲਏ ਸਨ। ਇਸੇ ਦੌਰਾਨ ਡੀ ਜੀ ਪੀ ਗੌਰਵ ਯਾਦਵ ਨੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾ ਕਿਹਾ ਕਿ ਇਹ ਘੱਟ ਸ਼ਕਤੀਸ਼ਾਲੀ ਧਮਾਕਾ ਹੈ, ਜੋ ਕਿਸੇ ਕੰਟੇਨਰ ’ਚ ਹੋਇਆ ਹੈ ਅਤੇ ਦੋਵੇਂ ਧਮਾਕੇ ਇੱਕੋ ਜਿਹੇ ਹਨ। ਧਮਾਕਿਆਂ ਦੌਰਾਨ ਡੈਟੋਨੇਟਰਾਂ ਦੀ ਵਰਤੋਂ ਨਹੀਂ ਹੋਈ। ਇਹ ਕਿਸੇ ਸ਼ਰਾਰਤੀ ਵਿਅਕਤੀ ਦੀ ਕਾਰਵਾਈ ਹੋ ਸਕਦੀ ਹੈ, ਜੋ ਤਣਾਅ ਪੈਦਾ ਕਰਨਾ ਚਾਹੁੰਦਾ ਹੈ।




