ਚੰਡੀਗੜ੍ਹ : ਪਿਛਲੇ ਦਿਨੀਂ ਇਥੇ ਸੀ ਪੀ ਆਈ ਪੰਜਾਬ ਸੂਬਾ ਸਕੱਤਰੇਤ ਨੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਦੀ ਇਕ ਮਹੀਨੇ ਲਈ ਛੁੱਟੀ ਦੀ ਬੇਨਤੀ ਸਰਬਸੰਮਤੀ ਨਾਲ ਪ੍ਰਵਾਨ ਕਰ ਲਈ। ਉਹ ਆਪਣੇ ਬੇਟੇ ਵਿੱਕੀ ਬਰਾੜ ਅਤੇ ਉਹਦੇ ਪਰਵਾਰ ਨੂੰ ਮਿਲਣ ਯੂ ਕੇ ਜਾ ਰਹੇ ਹਨ।
ਸੂਬਾ ਸਕੱਤਰੇਤ ਨੇ ਪਾਰਟੀ ਦੇ ਕੰਮ ਦੀ ਅਗਵਾਈ ਲਈ ਨਿਰਮਲ ਸਿੰਘ ਧਾਲੀਵਾਲ ਨੂੰ ਕਾਰਜਕਾਰੀ ਸਕੱਤਰ ਸਰਬਸੰਮਤੀ ਨਾਲ ਚੁਣ ਲਿਆ। ਧਾਲੀਵਾਲ ਇਸ ਵੇਲੇ ਪੰਜਾਬ ਏਟਕ ਦੇ ਜਨਰਲ ਸਕੱਤਰ ਅਤੇ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਹਨ। ਉਹ ਪਹਿਲਾਂ ਵੀ ਸੂਬਾ ਕਮਿਊਨਿਸਟ ਪਾਰਟੀ ਦੀ ਸਕੱਤਰ ਵਜੋਂ ਸਫਲ ਅਗਵਾਈ ਕਰ ਚੁੱਕੇ ਹਨ। ਸਕੱਤਰੇਤ ਨੇ ਦਿੱਲੀ ਜੰਤਰ-ਮੰਤਰ ਵਿਖੇ ਲਗਾਤਾਰ ਧਰਨਾ ਦੇ ਕੇ ਲੜ ਰਹੀਆਂ ਪਹਿਲਵਾਨ ਕੁੜੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਜਿਣਸੀ ਛੇੜਖਾਨੀ ਦੀ ਐੱਫ ਆਈ ਆਰ ਵਿਚ ਨਾਮਜ਼ਦ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਨ ਸਿੰਘ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ। 9 ਮਈ ਨੂੰ ਏਟਕ ਨੇ ਸਾਰੇ ਦੇਸ਼ ਵਿਚ ਲੜਕੀਆਂ ਨਾਲ ਇਕਮੁਠਤਾ ਦਿਵਸ ਮਨਾ ਕੇ ਦੋਸ਼ੀ ਸਾਂਸਦ ਨੂੰ ਗਿ੍ਰਫਤਾਰ ਕਰਨ ਲਈ ਪ੍ਰਦਰਸ਼ਨ ਕੀਤੇ। ਸਕੱਤਰੇਤ ਨੇ ਵਿਦਿਆ ਵਿਭਾਗ ਦੇ ਕਨਵੀਨਰ ਹਰਦੇਵ ਅਰਸ਼ੀ ਨੂੰ ਪਾਰਟੀ ਸਕੂਲ ਲਾਉਣ ਲਈ ਵਿਦਿਆ ਵਿਭਾਗ ਦੀ ਮੀਟਿੰਗ 24 ਮਈ ਨੂੰ ਚੰਡੀਗੜ੍ਹ ਪਾਰਟੀ ਦਫਤਰ ਵਿਚ ਕਰਨ ਦੀ ਹਮਾਇਤ ਦਿੱਤੀ।




