ਫਰੀਦਾ ਮੌਤੋਂ ਭੁੱਖ ਬੁਰੀ…

0
221

ਸ਼ਾਹਕੋਟ (ਗਿਆਨ ਸੈਦਪੁਰੀ)-ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਲੱਗਭੱਗ ਇੱਕ ਮਹੀਨੇ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਹੋ ਰਿਹਾ ਹੈ। ਕਹਿਣ ਨੂੰ ਇਹ ਚੋਣ ਪ੍ਰਚਾਰ 8 ਮਈ ਦੀ ਸ਼ਾਮ ਤੋਂ ਬੰਦ ਹੈ, ਪਰ ਇਹ ਬੰਦ ਨਹੀਂ ਹੋਇਆ, ਇਸ ਦਾ ਰੂਪ ਬਦਲਿਆ ਹੈ। ਮਹੀਨੇ ਤੋਂ ਹੋ ਰਿਹਾ ਚੋਣ ਪ੍ਰਚਾਰ ਆਮ ਤੌਰ ’ਤੇ ਜਨਤਕ ਇਕੱਠ ਵਿੱਚ ਹੁੰਦਾ ਰਿਹਾ ਹੈ। 8 ਮਈ ਦੀ ਸ਼ਾਮ ਤੋਂ ਇਹ ਘਰੋ-ਘਰੀ ਜਾ ਕੇ ਹੋ ਰਿਹਾ ਹੈ। ਇਹ ਜਿੱਥੇ ਵੱਧ ਪ੍ਰਭਾਵਸ਼ਾਲੀ ਹੈ, ਉਥੋਂ ਵੋਟਰਾਂ ’ਤੇ ਮਾਨਸਿਕ ਦਬਾਅ ਵੀ ਵਧੇਰੇ ਪਾਉਂਦਾ ਹੈ। ਵੋਟਰਾਂ ਵੱਲੋਂ ਤਿਆਰ ਕੀਤੇ ਮਨਾਂ ਨੂੰ ਇਸ ਪ੍ਰਚਾਰ ਰਾਹੀਂ ਬਦਲਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਵੋਟਰਾਂ ਨੂੰ ਨਿੱਜੀ ਲਾਲਚ ਵੀ ਦਿੱਤਾ ਜਾਂਦਾ ਹੈ ਤੇ ਲੁਕਵੇਂ ਢੰਗ ਦੀ ਧਮਕੀ ਵੀ ਦਿੱਤੀ ਜਾਂਦੀ ਹੈ।
ਹਰ ਚੋਣ ਪ੍ਰਚਾਰ ਵਿੱਚ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਇਸ ਵਾਰ ਦੇ ਚੋਣ ਪ੍ਰਚਾਰ ਦੌਰਾਨ ਹੋਰ ਵੀ ਕਈ ਕੁਚੱਜ ਸਾਹਮਣੇ ਆਏ। ਥੋਕ ਦੀ ਦਲ-ਬਦਲੀ ਦੇ ਦਲ-ਦਲ ਵਿੱਚ ਸਾਰੀਆਂ ਵੱਡੀਆਂ ਪਾਰਟੀਆਂ ਫਸੀਆਂ ਨਜ਼ਰ ਆਈਆਂ। ਕਿਸੇ ਇੱਕ ਪਾਰਟੀ ਦੇ ਦਰਜਨਾਂ ਕੁ ਵਿਅਕਤੀਆਂ ਦੇ ਗਲ ਵਿੱਚ ਸਿਰੋਪਾ ਪਾਉਂਦਿਆਂ ਉਨ੍ਹਾਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਦਰਸਾਇਆ ਗਿਆ। ਇਹ ਵਰਤਾਰਾ ਵੀ ਵੇਖਿਆ ਗਿਆ ਕਿ ਸ਼ਾਮ ਨੂੰ ‘ਘਰ ਛੱਡਣ’ ਵਾਲੇ ਅਗਲੀ ਸਵੇਰ ‘ਵਾਪਸ’ ਵੀ ਆਉਂਦੇ ਰਹੇ। ਹਰ ਵਾਰ ਦੇ ਚੋਣ ਪ੍ਰਚਾਰ ’ਚ ਗਰੀਬਾਂ ਦਾ ਤੇ ਗ਼ਰੀਬੀ ਦਾ ਸਿਆਸੀ ਮਜ਼ਾਕ ਉਡਾਇਆ ਜਾਂਦਾ ਹੈ। ਇਸ ਵਾਰ ਇਹ ਵਰਤਾਰਾ ਹੋਰ ਨੀਵਾਣਾਂ ਛੋਂਹਦਾ ਨਜ਼ਰ ਆਇਆ। ਪੰਜਾਬ ਵਿੱਚ ਸਿਆਸੀ ਮਕਾਨ ’ਤੇ ਆਪਣੀ ਸਪੇਸ ਬਣਾਉਣ ਦੇ ਯਤਨਾਂ ਵਿੱਚ ਇੱਕ ਪਾਰਟੀ ਵੱਲੋਂ ‘ਮਾਂਗਵਂੇ’ ਚੋਣ ਪ੍ਰਚਾਰਕਾਂ ਦੀ ਖੁੰਢ ਚਰਚਾ ਵੀ ਹੁੰਦੀ ਰਹੀ। ਇੱਕ ਖਾਸ ਤਰ੍ਹਾਂ ਦੀ ਮੁੰਡੀਰ ਹੱਥਾਂ ’ਚ ਝੰਡੇ ਲੈ ਕੇ ਤੇਜ਼ ਰਫ਼ਤਾਰੀ ਮੋਟਰ ਸਾਈਕਲਾਂ ’ਤੇ ਚੋਣ ਪ੍ਰਚਾਰ ਦੇ ਨਾਂਅ ’ਤੇ ਚੀਕਾ ਮਾਰਦੀ ਵੀ ਵੇਖੀ ਜਾਂਦੀ ਰਹੀ। ਗ਼ਰੀਬ ਲੋੜਵੰਦ ਔਰਤਾਂ ਪੰਜ ਸੌ ਰੁਪਏ ਦਿਹਾੜੀ ਲੈ ਕੇ ਗਲੀਆਂ-ਮੁਹੱਲਿਆਂ ਵਿੱਚ ਨਾਅਰੇ ਲਾਉਂਦੀਆਂ ਰਹੀਆਂ। ਦੱਸਦੇ ਹਨ ਕਿ ਇਨ੍ਹਾਂ ਕਿਸਮਤ ਮਾਰੀਆਂ ਨਾਲ ਦਿਹਾੜੀ ਤਾਂ ਪੰਜ ਸੌ ਰੁਪਏ ਤੈਅ ਹੁੰਦੀ ਸੀ, ਪਰ ਇੱਕ ਸੌ ਰੁਪਈਆ ਚੋਣ ਜੁਗਾੜੀ ਲੈ ਲੈਂਦਾ ਸੀ। ਵਿਰੋਧੀਆਂ ਲਈ ਚੋਣਾਵੀ ਸਟੇਜਾਂ ਤੋਂ ਬੋਲੀ ਜਾਂਦੀ ਭਾਸ਼ਾ ਦਾ ਗਿਆਨ ਇਸ ਵਾਰ ਵੀ ਸੁਧਰ ਨਾ ਸਕਿਆ। ਕਈ ਵਾਰ ਭਾਸ਼ਾ ਵਿੱਚ ਵਰਤੇ ਗਏ ‘ਅੱਪਸ਼ਬਦ’ ਆਪਸੀ ਤਲਖੀਆਂ ਨੂੰ ਤੇਜ਼ ਕਰਦੇ ਰਹੇ। ਇੱਕ ਹੋਰ ਤਲਖ-ਹਕੀਕਤ ਬਿਆਨ ਕੀਤੀ ਜਾਣੀ ਜ਼ਰੂਰੀ ਹੋ ਗਈ ਹੈ। ਬਹੁਤ ਵਾਰ ਦੇਖਿਆ ਗਿਆ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਜਦੋਂ ਵੋਟਾਂ ਲਈ ਫਰਿਆਦ ਲੈ ਕੇ ਕਿਸੇ ਪਿੰਡ ਜਾਂਦਾ ਤਾਂ ਮੰਦਹਾਲੀ ਦੀਆਂ ਮਾਰੀਆਂ ਕੁਝ ਔਰਤਾਂ ‘ਫਰਿਆਦੀ’ ਬਣ ਮੂਹਰੇ ਆ ਖੜੋਂਦੀਆਂ। ਉਨ੍ਹਾਂ ਦੀਆਂ ਅੱਖਾਂ ਦੀ ਤਰਸਯੋਗ ਜਿਹੀ ਝਾਕਣੀ ਦੱਸ ਦਿੰਦੀ ਕਿ ਉਹ ਵਿਚਾਰੀਆਂ ਸਮਝਦੀਆਂ ਹਨ ਕਿ ਵੋਟਾਂ ਮੰਗਣ ਵਾਲੇ ‘ਕੁਝ ਦੇਣ’ ਆਏ ਹਨ, ਪਰ ਅਜਿਹਾ ਕੁਝ ਵੀ ਨਾ ਹੁੰਦਾ। ਬੱਸ ਉਥੇ ਚੇਤੇ ਆਉਂਦਾ ਫਰੀਦ ਸਾਹਿਬ ਦਾ ਸਲੋਕ
‘ਫਰੀਦਾ ਮੌਤੋਂ ਭੁੱਖ ਬੁਰੀ,
ਰਾਤੀਂ ਸੁੱਤੇ ਖਾਇਕੇ ਸੁਬਾ ਫੇਰ ਖੜੀ…

LEAVE A REPLY

Please enter your comment!
Please enter your name here