ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਜਨ ਸੰਪਰਕ ਮੁਹਿੰਮ ਤਹਿਤ ਸਬ-ਡਵੀਜ਼ਨ ਪਾਤੜਾਂ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਸੀ ਪੀ ਆਈ ਦੇ ਬਲਾਕ ਸਕੱਤਰ ਰਾਮ ਚੰਦ ਚੁਨਾਗਰਾ ਦੀ ਅਗਵਾਈ ਵਿਚ ਪਿੰਡ ਦੁਗਾਲ ਤੋਂ ਸ਼ੁਰੂ ਹੋਇਆ ਮਾਰਚ ਪਿੰਡ ਦਫਤਰੀਵਾਲਾ ਧੂਹੜ, ਬ੍ਰਾਹਮਣ ਮਾਜਰਾ, ਦੇਧਨਾਂ, ਘੱਗਾ ਪਾਤੜਾਂ, ਚੁਨਾਗਰਾ, ਹਰਿਆਊ ਖੁਰਦ ਹਰਿਆਊ ਕਲਾਂ, ਖਾਨੇਵਾਲ, ਖਾਂਗ, ਮੌਲਵੀਵਾਲਾ, ਨੂਰਪੁਰਾ, ਗੁਲਾਹੜ, ਜੋਗੇਵਾਲਾ, ਨਾਈਵਾਲਾ ਹੁੰਦਾ ਹੋਇਆ ਸ਼ੁਤਰਾਣਾ ਵਿਖੇ ਸਮਾਪਤ ਹੋਇਆ। ਇਸ ਦੌਰਾਨ ਜਗ੍ਹਾ-ਜਗ੍ਹਾ ਮੀਟਿੰਗਾਂ ਕਰਕੇ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਆਰਥਕ ਨੀਤੀਆਂ ਵਿਰੁੱਧ ਸੁਚੇਤ ਹੋਣ ਦੀ ਅਪੀਲ ਕੀਤੀ ਗਈ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣੀ ਹੋਈ ਹੈ ਅਤੇ ਪਿਛਲੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਆਮ ਲੋਕਾਂ ਦੀ ਭਲਾਈ ਲਈ ਕਦਮ ਚੁੱਕਣ ਦੀ ਬਜਾਏ ਕੁਝ ਪੂੰਜੀਪਤੀ ਘਰਾਣਿਆਂ ਦਾ ਫਾਇਦਾ ਕਰਨ ਦੀਆਂ ਨੀਤੀਆਂ ਤਿਆਰ ਕੀਤੀਆਂ ਹਨ।
ਲੋਕਾਂ ਦੇ ਖਾਤਿਆਂ ਵਿੱਚ ਪੰਦਰਾਂ-ਪੰਦਰਾਂ ਲੱਖ ਰੁਪਏ ਹੋਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕ ਨੋਟਬੰਦੀ ਦੌਰਾਨ ਪੈਸੇ-ਪੈਸੇ ਨੂੰ ਤਰਸੇ। ਬੈਂਕਾਂ ਅੱਗੇ ਲੱਗੀਆਂ ਲੰਮੀਆਂ ਲਾਈਨਾਂ ਵਿੱਚ ਲੋਕਾਂ ਨੂੰ ਆਪਣੀਆਂ ਜਾਨਾਂ ਤੱਕ ਗੁਆਉਣੀਆਂ ਪਈਆਂ। ਕਿਸਾਨ ਅੰਦੋਲਨ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਹੈ ਕੋਰੋਨਾ ਕਾਲ ਦੌਰਾਨ ਜਦੋਂ ਦੁਨੀਆ ਭਰ ਵਿੱਚ ਲੋਕ ਮਰ ਰਹੇ ਸਨ, ਉਸ ਸਮੇਂ ਵੀ ਸਰਕਾਰ ਦੀ ਛਤਰ ਛਾਇਆ ਹੇਠ ਅਡਾਨੀਆਂ, ਅੰਬਾਨੀਆਂ ਦੀ ਨਜ਼ਰ ਖੇਤੀ ਸੈਕਟਰ ਨੂੰ ਹੜੱਪਣ ’ਤੇ ਲੱਗੀ ਹੋਈ ਸੀ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਵਰ੍ਹਦਿਆਂ ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਪਾਰਟੀ ਚੋਣਾਂ ਤੋਂ ਪਹਿਲਾਂ ਸਭ ਕੁਝ ਲੋਕਾਂ ਦੇ ਹੱਥ ਦੇਣ ਦੇ ਦਾਅਵੇ ਕਰਦੀ ਸੀ, ਪਰ ਹਕੀਕਤ ਵਿੱਚ ਇਹ ਵੀ ਕੇਂਦਰ ਦੀਆਂ ਲੋਕ-ਮਾਰੂ ਨੀਤੀਆਂ ਦੀ ਹਿੱਸੇਦਾਰ ਬਣੀ ਹੋਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਦੁਗਾਲ, ਕੁਲਦੀਪ ਸਿੰਘ ਗਲੋਲੀ, ਜਸਵਿੰਦਰ ਸਿੰਘ ਖੇੜੀ, ਅਮਰਜੀਤ ਸਿੰਘ ਦੁਗਾਲ ਅਤੇ ਜਸਵੰਤ ਸਿੰਘ ਮੌਲਵੀਵਾਲਾ ਆਦਿ ਹਾਜ਼ਰ ਸਨ।





