ਸੀ ਬੀ ਆਈ, ਈ ਡੀ ਰਾਹੀਂ ਭਾਜਪਾ ਕੇਜਰੀਵਾਲ ਦੀ ‘ਇਮਾਨਦਾਰ ਰਾਜਨੀਤੀ’ ਨੂੰ ਰੋਕਣਾ ਚਾਹੁੰਦੀ : ਕੰਗ

0
188

ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਨੇ ਮੰਗਲਵਾਰ ‘ਆਪ’ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ‘ਇਮਾਨਦਾਰ ਰਾਜਨੀਤੀ’ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਸਿਰਫ ‘ਆਪ’ ਜਾਂ ਪੰਜਾਬ ਦੀ ਗੱਲ ਨਹੀਂ , ਭਾਜਪਾ ਆਪਣੇ ਤਾਨਾਸ਼ਾਹੀ ਰਵੱਈਏ ਅਤੇ ਸੀ ਬੀ ਆਈ ਅਤੇ ਈ ਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨਾਲ ਸਾਡੇ ਲੋਕਤੰਤਰ ਲਈ ਖਤਰੇ ਪੈਦਾ ਕਰ ਰਹੀ ਹੈ। ਉਹ ਸਿਰਫ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਰੋਕਣਾ ਚਾਹੁੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਸਿਰਫ ਕੇਜਰੀਵਾਲ ਅਤੇ ‘ਆਪ’ ਹੀ 2024 ਦੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਟੱਕਰ ਦੇ ਸਕਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਕੇਜਰੀਵਾਲ ਤੋਂ ਡਰਦੀ ਹੈ।
ਕੰਗ ਦੇ ਨਾਲ ‘ਆਪ’ ਦੇ ਬੁਲਾਰੇ ਤੇ ਚੇਅਰਮੈਨ ਨੀਲ ਗਰਗ, ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਗਗਨਦੀਪ ਸਿੰਘ ਵੀ ਮੌਜੂਦ ਸਨ। ਕੰਗ ਨੇ ਕਿਹਾ ਕਿ ਸੀ ਬੀ ਆਈ ਤੇ ਈ ਡੀ ਨੇ ਅਦਾਲਤ ਵਿੱਚ ਮੰਨਿਆ ਕਿ ਉਨ੍ਹਾਂ ਨੂੰ ਗੋਆ ਵਿੱਚ ਸਿਰਫ 19 ਲੱਖ ਰੁਪਏ ਦੇ ਬਿੱਲ ਮਿਲੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ 100 ਕਰੋੜ ਦੇ ਸ਼ਰਾਬ ਘੁਟਾਲੇ ਬਾਰੇ ਭਾਜਪਾ, ਇਸ ਦੇ ਬੁਲਾਰੇ ਅਤੇ ਉਨ੍ਹਾਂ ਦੇ ਮੀਡੀਆ ਵੱਲੋਂ ਕੀਤਾ ਗਿਆ ਸਾਰਾ ਪ੍ਰਚਾਰ ਝੂਠਾ ਸੀ ਅਤੇ ਇਹ ਸਿਰਫ ਸਾਡੇ ਨੇਤਾਵਾਂ ਅਤੇ ਪਾਰਟੀ ਨੂੰ ਬਦਨਾਮ ਕਰਨ ਲਈ ਸੀ। ਉਨ੍ਹਾ ਮੰਨਿਆ ਕਿ ਅੱਜ ਦੇ ਸਮੇਂ ਸਭ ਤੋਂ ਇਮਾਨਦਾਰ, ਜ਼ਿੰਮੇਵਾਰ ਅਤੇ ਹਰਮਨਪਿਆਰੀ ਸਿਆਸਤ ਅਰਵਿੰਦ ਕੇਜਰੀਵਾਲ ਦੀ ਹੀ ਹੈ।
ਉਹਨਾ ਕਿਹਾ ਕਿ ਸੀ ਬੀ ਆਈ ਅਤੇ ਈ ਡੀ ਰਾਹੀਂ ਮੋਦੀ ਸਰਕਾਰ ਇੱਕ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਸਲ ਵਿੱਚ ਕੋਈ ਵੀ ਸ਼ਰਾਬ ਘੁਟਾਲਾ ਹੋਇਆ ਹੀ ਨਹੀਂ, ਇਸੇ ਕਰਕੇ ਇਹ ਏਜੰਸੀਆਂ ਕੋਈ ਸਬੂਤ ਜਾਂ ਗਵਾਹ ਲੱਭਣ ਵਿੱਚ ਅਸਫਲ ਰਹੀਆਂ ਹਨ। ਪਹਿਲਾਂ ਉਨ੍ਹਾਂ ਰਾਜੇਸ਼ ਜੋਸ਼ੀ ਅਤੇ ਮਨੀਸ਼ ਮਲਹੋਤਰਾ ਨੂੰ ਗਿ੍ਰਫਤਾਰ ਕੀਤਾ। ਫਿਰ ਉਨ੍ਹਾਂ ਪੰਜ ਹੋਰ ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਅਤੇ ਝੂਠ ਬੋਲਣ ਲਈ ਤਸੀਹੇ ਦਿੱਤੇ ਅਤੇ ਕੁੱਟਮਾਰ ਕੀਤੀ। ਉਨ੍ਹਾਂ ਗੋਆ ਵਿੱਚ 20 ਤੋਂ ਵੱਧ ਵਿਕਰੇਤਾਵਾਂ ਤੋਂ ਪੁੱਛਗਿੱਛ ਕੀਤੀ, ਪਰ ਫਿਰ ਵੀ ਕੁਝ ਨਹੀਂ ਮਿਲਿਆ, ਕਿਉਂਕਿ ਕੋਈ ਘਪਲਾ ਹੈ ਹੀ ਨਹੀਂ। ਕੰਗ ਨੇ ਕਿਹਾ ਕਿ ਸੀ ਬੀ ਆਈ ਅਤੇ ਈ ਡੀ ਨੂੰ ਪ੍ਰਧਾਨ ਮੰਤਰੀ ਦਫਤਰ ਦੁਆਰਾ ਨਿਰਦੇਸ਼ਤ ਕੀਤਾ ਜਾਂਦਾ ਹੈ, ਪਰ ਉਹ ਇੱਕ ਵਾਰ ਫਿਰ ਕ੍ਰਾਂਤੀਕਾਰੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੇ ਆਪਣੇ ਏਜੰਡੇ ਵਿੱਚ ਅਸਫਲ ਰਹੇ ਹਨ। ਸਿਰਫ ਕੇਜਰੀਵਾਲ ਹੀ ਪਰਵਾਰਵਾਦ ਦੀ ਰਾਜਨੀਤੀ ਅਤੇ ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਉਂਦੇ ਹਨ, ਇਸ ਲਈ ਭਾਜਪਾ ਨੇ ਏਜੰਸੀਆਂ ਅਤੇ ਝੂਠੇ ਕੇਸਾਂ ਰਾਹੀਂ ਉਨ੍ਹਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕ ਹੁਣ ਭਾਜਪਾ ਦੇ ਕੂੜ ਪ੍ਰਚਾਰ ਤੋਂ ਜਾਣੂ ਹੋ ਚੁੱਕੇ ਹਨ ਅਤੇ ਉਹ ਸਿਰਫ ‘ਆਪ’ ਵਰਗੀ ਲੋਕ-ਪੱਖੀ ਪਾਰਟੀ ਦਾ ਹੀ ਸਮਰਥਨ ਕਰਨਗੇ।

LEAVE A REPLY

Please enter your comment!
Please enter your name here