ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿਚ ਚੱਲ ਰਹੀਆਂ ਲੜਾਈਆਂ, ਜਲਵਾਯੂ ਪਰਿਵਰਤਨ ਤੇ ਕੋਰੋਨਾ ਮਹਾਂਮਾਰੀ ਨੇ ਮਹਿਲਾਵਾਂ ਤੇ ਬੱਚਿਆਂ ਲਈ ਖਤਰਾ ਵਧਾ ਦਿੱਤਾ ਹੈ | ਖਾਸਕਰ ਬੱਚਿਆਂ ‘ਚ ਸਮੇਂ ਤੋਂ ਪਹਿਲਾਂ ਜਨਮ ਦੀ ਸਮੱਸਿਆ ਵਧੀ ਹੈ | ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸਾਲ 2020 ਵਿਚ ਹੀ ਦੁਨੀਆ ਭਰ ‘ਚ ਕਰੀਬ ਇਕ ਕਰੋੜ 30 ਲੱਖ ਬੱਚਿਆਂ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ | ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ 45 ਫੀਸਦੀ ਬੱਚਿਆਂ ਦਾ ਜਨਮ ਸਿਰਫ ਪੰਜ ਦੇਸ਼ਾਂ ‘ਚ ਹੋਇਆ, ਜਿਨ੍ਹਾਂ ‘ਚ ਪਾਕਿਸਤਾਨ, ਨਾਇਜੀਰੀਆ, ਇਥੋਪੀਆ ਤੇ ਚੀਨ ਦੇ ਨਾਲ ਭਾਰਤ ਵੀ ਹੈ | ‘ਬੋਰਨ ਟੂ ਸੂਨ : ਡਿਕੇਡ ਆਫ ਐਕਸ਼ਨ ਔਨ ਪ੍ਰੀਟਰਮ ਬਰਥ’ ਨਾਂਅ ਦੀ ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਹੈ ਕਿ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ ਇਕ ਹੰਗਾਮੀ ਸਥਿਤੀ ਹੈ ਤੇ ਇਹ ਬੱਚਿਆਂ ਦੀ ਸਿਹਤ ‘ਤੇ ਬੁਰਾ ਅਸਰ ਪਾਉਂਦੀ ਹੈ | 2020 ਵਿਚ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ 134 ਲੱਖ ਬੱਚਿਆਂ ਵਿੱਚੋਂ ਕਰੀਬ 10 ਲੱਖ ਦੀ ਮੌਤ ਹੋ ਗਈ ਸੀ | ਬੰਗਲਾਦੇਸ਼ ਵਿਚ ਸਮੇਂ ਤੋਂ ਪਹਿਲਾਂ (ਗਰਭ ਦੇ 40 ਹਫਤਿਆਂ ਦੀ ਥਾਂ 37 ਹਫਤਿਆਂ ਤੋਂ ਪਹਿਲਾਂ) ਜਨਮ ਲੈਣ ਵਾਲੇ ਬੱਚਿਆਂ ਦਾ ਅੰਕੜਾ ਸਭ ਤੋਂ ਵੱਧ 16.2 ਫੀਸਦੀ ਹੈ | ਇਸ ਦੇ ਬਾਅਦ ਮਲਾਵੀ ਤੇ ਪਾਕਿਸਤਾਨ ਦਾ ਨੰਬਰ ਆਉਂਦਾ ਹੈ | ਰਿਪੋਰਟ ਮੁਤਾਬਕ ਦੁਨੀਆ ਨੇ ਪਿਛਲੇ ਦਹਾਕੇ ‘ਚ ਡਾਕਟਰੀ ਦੇ ਖੇਤਰ ਵਿਚ ਕਾਫੀ ਪ੍ਰਗਤੀ ਕੀਤੀ ਹੈ, ਪਰ ਸਮੇਂ ਤੋਂ ਪਹਿਲਾਂ ਬੱਚਿਆਂ ਦੇ ਜਨਮ ਜਾਂ ਉਨ੍ਹਾਂ ਦੀ ਗਿਣਤੀ ਘਟਾਉਣ ਵਿਚ ਕੋਈ ਪ੍ਰਗਤੀ ਨਹੀਂ ਹੋਈ | ਸਮਾਂ ਹੈ ਕਿ ਗਰਭਵਤੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਨਵ-ਜੰਮਿਆਂ ਤੇ ਬੱਚਿਆਂ ਦੀ ਚੰਗੀ ਸਿਹਤ ਯਕੀਨੀ ਬਣਾਈ ਜਾਏ | ਸਮੇਂ ਤੋਂ ਪਹਿਲਾਂ ਜਨਮ ਬੱਚਿਆਂ ਦੀਆਂ ਮੌਤਾਂ ਦਾ ਵੱਡਾ ਕਾਰਨ ਹੈ | ਅਜਿਹੇ ਪੰਜ ਵਿੱਚੋਂ ਇਕ ਬੱਚੇ ਦੀ ਪੰਜ ਸਾਲਾਂ ਦੀ ਉਮਰ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ | ਜਿਹੜੇ ਬਚਦੇ ਹਨ, ਉਨ੍ਹਾਂ ਨੂੰ ਅਪੰਗਤਾ ਤੇ ਹੋਰ ਅਢੁੱਕਵੇਂ ਵਿਕਾਸ ਦਾ ਸਾਹਮਣਾ ਕਰਨਾ ਪੈਂਦਾ ਹੈ | ਗਰੀਬ ਦੇਸ਼ਾਂ ਵਿਚ ਤਾਂ ਇਨ੍ਹਾਂ ਦੀ ਹਾਲਤ ਬਹੁਤ ਬਦਤਰ ਹੁੰਦੀ ਹੈ, ਜਿੱਥੇ 10 ਵਿੱਚੋਂ ਇਕ ਹੀ ਸਹੀ-ਸਲਾਮਤ ਰਹਿੰਦਾ ਹੈ | ਗਰੀਬੀ ਤੇ ਸਿਹਤ ਸਹੂਲਤਾਂ ਦੀ ਕਮੀ ਤਾਂ ਬੱਚਿਆਂ ਦੀਆਂ ਮੌਤਾਂ ਦਾ ਕਾਰਨ ਬਣਦੀਆਂ ਹੀ ਹਨ, ਹਵਾ ਦਾ ਪ੍ਰਦੂਸ਼ਣ ਵੀ ਬਹੁਤ ਬੁਰਾ ਅਸਰ ਪਾਉਂਦਾ ਹੈ | ਇਸ ਨਾਲ ਹਰ ਸਾਲ ਲੱਖਾਂ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋ ਜਾਂਦੇ ਹਨ |