ਚੰਡੀਗੜ੍ਹ : ਮੋਦੀ ਅਤੇ ਫਾਸ਼ੀਵਾਦ ਨੂੰ ਹਰਾਉਣ ਅਤੇ ਦੇਸ਼ ਨੂੰ ਬਚਾਉਣ ਲਈ ਕਮਿਊਨਿਸਟ ਪਾਰਟੀ ਵੱਲੋਂ ਚੱਲ ਰਹੀ ਲੋਕ ਸੰਪਰਕ ਯਾਤਰਾ (ਪਦ-ਯਾਤਰਾ) ਨੂੰ ਲੋਕਾਂ ਵੱਲੋਂ ਭਾਰੀ ਹੁੰਗਾਰਾ ਮਿਲ ਰਿਹਾ ਹੈ। ਕਾਰਜਕਾਰੀ ਸੂਬਾ ਸਕੱਤਰ ਸਾਥੀ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਦੇ ਸਾਥੀਆਂ ਅਤੇ ਆਗੂਆਂ-ਕਾਰਕੁਨਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਜਿਵੇਂ ਜਮਹੂਰੀਅਤ, ਧਰਮ-ਨਿਰਪੱਖਤਾ, ਸੰਵਿਧਾਨਕ ਅਦਾਰਿਆਂ, ਘੱਟ-ਗਿਣਤੀਆਂ, ਪ੍ਰਗਟਾਵੇ ਦੀ ਆਜ਼ਾਦੀ ਉਤੇ ਹਮਲੇ ਕਰ ਰਹੀ ਹੈ, ਕੇਂਦਰੀ ਏਜੰਸੀਆਂ ਸੀ ਬੀ ਆਈ, ਈ ਡੀ ਦੀ ਵਰਤੋਂ ਆਪੋਜ਼ੀਸ਼ਨ ਆਗੂਆਂ ਵਿਰੁੱਧ ਕਰ ਰਹੀ ਹੈ ਅਤੇ ਕਾਰਪੋਰੇਟਾਂ ਨਾਲ ਗਠਜੋੜ ਕਰਕੇ ਉਹਨਾਂ ਨੂੰ ਕਰੋੜਾਂ ਦੇ ਫਾਇਦੇ ਦੇ ਰਹੀ ਹੈ, ਇਸ ਸਭ ਦਾ ਪਾਜ ਉਧੇੜਨ ਲਈ ਵਧੀਆ ਮੁਹਿੰਮ ਚੱਲ ਰਹੀ ਹੈ।
ਉਹਨਾਂ ਕਿਹਾ ਕਿ ਫਾਜ਼ਿਲਕਾ, ਸੰਗਰੂਰ, ਫਰੀਦਕੋਟ, ਲੁਧਿਆਣਾ, ਫਤਹਿਗੜ੍ਹ, ਨਵਾਂ ਸ਼ਹਿਰ, ਮਾਨਸਾ, ਬਠਿੰਡਾ, ਬਰਨਾਲਾ, ਮੋਗਾ ਆਦਿ ਜ਼ਿਲ੍ਹਿਆਂ ਵਿਚ ਸੰਪਰਕ ਯਾਤਰਾ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ, ਜਿਹੜੇ ਜ਼ਿਲ੍ਹਿਆਂ ਵਿਚ ਮੁਹਿੰਮ ਦੀ ਰਫਤਾਰ ਅਜੇ ਮੱਠੀ ਹੈ, ਉਹ ਵੀ ਜਲਦ ਹੀ ਇਸ ਮੁਹਿੰਮ ਵਿਚ ਤੇਜ਼ ਰਫਤਾਰੀ ਫੜ ਲੈਣਗੇ। ਸਾਥੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਖਾਸ ਪ੍ਰਸਥਿਤੀ ਨੂੰ ਦੇਖਦਿਆਂ ਇਹ ਮੁਹਿੰਮ ਮਿੱਥੇ ਸਮੇਂ ਮੁਤਾਬਿਕ 15 ਮਈ ਨੂੰ ਖਤਮ ਨਹੀਂ ਕੀਤੀ ਜਾਵੇਗੀ, ਸਗੋਂ ਅੱਗੇ ਵੀ ਚਲਾਈ ਜਾਵੇਗੀ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕੇਂਦਰ ਦੇ ਫਾਸ਼ੀ ਮਨਸੂਬਿਆਂ ਨੂੰ ਨੰਗਾ ਕਰਨ ਦੇ ਨਾਲ ਹੀ ਪੰਜਾਬ ਦੇ ਲੋਕਾਂ ਦੇ ਮਸਲੇ ਅਤੇ ਸਰਕਾਰ ਦੀ ਅਮਨ-ਕਾਨੂੰਨ ਦੇ ਮੋਰਚੇ ਅਤੇ ਵਾਅਦੇ ਪੂਰੇ ਕਰਨ ਤੋਂ ਹੋ ਰਹੀ ਅਸਫਲਤਾ ਨੂੰ ਵੀ ਲੋਕਾਂ ਦੀ ਜਾਗਰਤੀ ਦਾ ਹਿੱਸਾ ਬਣਾਇਆ ਜਾਵੇ।



