ਨਿਹਾਲ ਸਿੰਘ ਵਾਲਾ : ਉੱਘੇ ਕਮਿਊਨਿਸਟ ਆਗੂ ਅਤੇ ਸਾਬਕਾ ਐਮ ਐਲ ਏ ਕਾਮਰੇਡ ਗੁਰਬਖਸ਼ ਸਿੰਘ ਧੂੜਕੋਟ ਦੀ 18 ਵੀਂ ਬਰਸੀ ਭਾਰਤੀ ਕਮਿਊਨਿਸਟ ਪਾਰਟੀ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਕਾਮਰੇਡ ਗਿਆਨੀ ਗੁਰਦੇਵ ਕਿਰਤੀ, ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ, ਮਾਤਾ ਜਰਨੈਲ ਕੌਰ ਬਿਲਾਸਪੁਰ ਦੀ ਪ੍ਰਧਾਨਗੀ ਹੇਠ ਮਨਾਈ ਗਈ। ਸੁਆਗਤੀ ਭਾਸ਼ਣ ’ਚ ਮਾਸਟਰ ਜੰਗੀਰ ਸਿੰਘ ਬਿਲਾਸਪੁਰ ਨੇ ਕਿਹਾ ਕਿ ਕਾਮਰੇਡ ਗੁਰਬਖਸ਼ ਸਿੰਘ ਇੱਕ ਬਹੁਤ ਹੀ ਉੱਚਕੋਟੀ ਦੇ ਲੀਡਰ ਸਨ। ਉਨ੍ਹਾ ਆਪਣੇ ਨਿੱਜੀ ਹਿੱਤਾਂ ਤੋਂ ਵੱਧ ਲੋਕਾਂ ਦੇ ਕੰਮਾਂ ਨੂੰ ਤਰਜੀਹ ਦਿੱਤੀ। ਉਹ ਸਾਰੀ ਉਮਰ ਪਾਰਟੀ ਦੇ ਸਿਪਾਹੀ ਰਹੇ। ਉਨ੍ਹਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੇ ਕੰਮਾਂ ਨੂੰ ਪਹਿਲਾਂ ਕੀਤਾ । ਉਨ੍ਹਾ ਦੇ ਕੰਮਾਂ ਨੂੰ ਦੇਖਦਿਆਂ ਲੋਕਾਂ ਨੇ ਉਸ ਲਾਲ ਝੰਡੇ ਦੇ ਸਿਪਾਹੀ ਨੂੰ ਪੰਜਾਬ ਦੀ ਵੱਡੀ ਪੰਚਾਇਤ (ਵਿਧਾਨ ਸਭਾ) ਵਿੱਚ ਵੀ ਭੇਜਿਆ । ਉਨ੍ਹਾ ਵਿਧਾਨ ਸਭਾ ’ਚ ਲੋਕਾਂ ਦੇ ਹਿੱਤਾਂ ਲਈ ਬਹੁਤ ਸੰਘਰਸ਼ ਕੀਤਾ । ਕਾਮਰੇਡ ਗੁਰਬਖਸ਼ ਸਿੰਘ ਹਰ ਤਰ੍ਹਾਂ ਦੇ ਸੁਭਾਅ ਵਿੱਚ ਉਤਰਨ ’ਚ ਮਾਹਰ ਸਨ। ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਭੋਲ਼ਾ ਨੇ ਕਿਹਾ ਕਿ ਕਾਮਰੇਡ ਜੀ ਦੇ ਕੀਤੇ ਕੰਮਾਂ ਬਾਰੇ ਜਦੋਂ ਸਮਾਜ ਚੋਂ ਸਾਨੂੰ ਸੁਣਨ ਨੂੰ ਮਿਲਦਾ ਹੈ ਤਾਂ ਸਾਡੇ ਕੰਮ ਕਰਨ ਦੇ ਹੌਸਲੇ ਵਿੱਚ ਹੋਰ ਵਧੇਰੇ ਤੇਜ਼ੀ ਆ ਜਾਂਦੀ ਹੈ । ਉਨ੍ਹਾ ਹੇਠਲੇ ਪੱਧਰ ਤੋਂ ਲੈ ਕੇ ਵਿਧਾਨ ਸਭਾ ਤੱਕ ਲੋਕਾਂ ਦੇ ਹੱਕ ’ਚ ਅਵਾਜ਼ ਉਠਾਈ ਤੇ ਅੱਜ ਵੀ ਪਾਰਟੀ ਲਗਾਤਾਰ ਲੋਕਾਂ ਦੀ ਬੰਦਖ਼ਲਾਸੀ ਲਈ ਲੜ ਰਹੀ ਹੈ ।
ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ ਨੇ ਕਾਮਰੇਡ ਗੁਰਬਖਸ਼ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਮਿਆਂ ਵਿੱਚ ਕੰਮ ਕਰਨਾ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਜਾਂ ਸੁਨੇਹੇ ਲਈ ਵੀ ਸੀਮਤ ਸਾਧਨ ਨਹੀਂ ਸਨ, ਲੋਕਾਂ ਵਿੱਚ ਕੰਮ ਕੀਤਾ ਤੇ ਲੋਕਾਂ ਨੇ ਵੀ ਉਨ੍ਹਾ ਦੀ ਮਿਹਨਤ ਦਾ ਫਲ ਉਨ੍ਹਾ ਨੂੰ ਦੇਸ਼ ਦੀ ਵੱਡੀ ਪੰਚਾਇਤ ਵਿੱਚ ਭੇਜ ਕੇ ਦਿੱਤਾ। ਉਨ੍ਹਾ ਦੀ ਲੜਾਈ ਸਮਾਜ ਦੇ ਆਰਥਕ ਪਾੜੇ / ਨਾ ਬਰਾਬਰੀ ਵਿਰੁੱਧ ਸੀ । ਉਨ੍ਹਾ ਨੇ ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਮੁੱਦੇ ’ਤੇ ਲੜਾਈ ਲੜੀ । ਜਿਸ ਆਰਥਕ ਪਾੜੇ ਵਿਰੁੱਧ ਭਾਰਤੀ ਕਮਿਊਨਿਸਟ ਪਾਰਟੀ ਲੜ ਰਹੀ ਹੈ, ਅੱਜ ਉਹ ਪਾੜਾ ਇਸ ਮੋਦੀ ਸਰਕਾਰ ਦੇ ਰਾਜ ਵਿੱਚ ਕਈ ਗੁਣਾ ਵਧ ਗਿਆ ਹੈ। ਅੱਜ ਸਮਾਜ ਦੇ ਕਿਰਤੀ ਲੋਕਾਂ ਦੀ ਕੁੱਲ ਦੌਲਤ ਦਾ ਅੱਧ ਤੋਂ ਵੱਧ ਕੁਝ ਹੱਥਾਂ ਵਿੱਚ ਇਕੱਠਾ ਹੋ ਗਿਆ ਹੈ । ਜਿਸ ਕਰਕੇ ਹੇਠਲੇ ਵਰਗਾਂ ਦੀ ਜ਼ਿੰਦਗੀ ਵਧੇਰੇ ਤੰਗੀ ਵੱਲ ਨੂੰ ਜਾ ਰਹੀ ਹੈ। ਅੱਜ ਆਰਥਕ ਮੰਦਵਾੜਾ ਹੈ। ਦੌਲਤ ਦੇ ਕੁਝ ਹੱਥਾਂ ਵਿੱਚ ਇਕੱਠੇ ਹੋਣ ਕਰਕੇ ਅੱਜ ਹਰ ਤਰ੍ਹਾਂ ਦਾ ਕਾਰੋਬਾਰ ਵੀ ਮੰਦੀ ਦਾ ਸ਼ਿਕਾਰ ਹੈ । ਪੜ੍ਹੇ ਲਿਖੇ ਨੌਜਵਾਨ ਧੀਆਂ-ਪੁੱਤਰ ਕੰਮ ਤੋਂ ਬਾਹਰ ਹਨ, ਜਿਸ ਕਰਕੇ ਨਿਰਾਸ਼ਾ ਤੇ ਨਸ਼ੇ ਦਾ ਬੋਲਬਾਲਾ ਹੈ । ਉਨ੍ਹਾ ਕਿਹਾ ਕਿ ਕਾਮਰੇਡ ਗੁਰਬਖਸ਼ ਵਰਗੀ ਸ਼ਖਸੀਅਤ ਨੂੰ ਯਾਦ ਕਰਨ ਦਾ ਮਤਲਬ ਹੈ ਉਨ੍ਹਾ ਦੇ ਅਧੂਰੇ ਕੰਮਾਂ ਨੂੰ ਪੂਰੇ ਕਰਨ ਦੀ ਲੜਾਈ ਨੂੰ ਤੇਜ਼ ਕਰਨਾ, ਜੋ ਅੱਜ ਸਮੇਂ ਦੀ ਮੁੱਖ ਲੋੜ ਹੈ । ਮਾਸਟਰ ਗੁਰਦੇਵ ਸਿੰਘ ਕਿਰਤੀ ਜੀਆ ਨੇ ਕਾਮਰੇਡ ਗੁਰਬਖਸ਼ ਸਿੰਘ ਨੂੰ ਯਾਦ ਕਰਦਿਆਂ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ । ਇਨ੍ਹਾਂ ਤੋਂ ਇਲਾਵਾ ਕਾਮਰੇਡ ਜਗਜੀਤ ਸਿੰਘ, ਕਾਮਰੇਡ ਇੰਦਰਵੀਰ ਮੋਗਾ, ਕਾਮਰੇਡ ਮੰਗਤ ਰਾਏ, ਪ੍ਰੋਫੈਸਰ ਮਲਕੀਤ ਸਿੰਘ, ਕਾਮਰੇਡ ਹਰਬੰਸ ਢਿੱਲੋਂ ਬੁੱਟਰ, ਕਾਮਰੇਡ ਸੁਖਦੇਵ ਸਿੰਘ ਭੋਲ਼ਾ, ਰਵਿੰਦਰ ਪੱਪੂ , ਕਾਮਰੇਡ ਹਰਭਜਨ ਸਿੰਘ ਭੱਟੀ, ਕਾਮਰੇਡ ਕੁਲਵੰਤ ਸਿੰਘ ਸਰਪੰਚ ਆਦਿ ਆਏ ਹੋਏ ਸਾਥੀਆਂ ਨੇ ਸੰਬੋਧਨ ਕੀਤਾ ।




