ਇਸਲਾਮਾਬਾਦ : ਸੁਪਰੀਮ ਕੋਰਟ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਿ੍ਰਫਤਾਰੀ ਨੂੰ ਨਾਜਾਇਜ਼ ਤੇ ਗੈਰਕਾਨੂੰਨੀ ਕਰਾਰ ਦੇਣ ਦੇ ਇਕ ਦਿਨ ਬਾਅਦ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾ ਨੂੰ ਅਲ-ਕਾਦਿਰ ਟਰੱਸਟ ਕੇਸ ’ਚ ਸ਼ੁੱਕਰਵਾਰ ਕੁਝ ਸ਼ਰਤਾਂ ਨਾਲ ਦੋ ਹਫਤਿਆਂ ਦੀ ਜ਼ਮਾਨਤ ਦੇ ਦਿੱਤੀ।
70 ਸਾਲਾ ਖਾਨ ਉਸੇ ਹਾਈ ਕੋਰਟ ’ਚ ਪੇਸ਼ ਹੋਏ, ਜਿੱਥੋਂ ਉਨ੍ਹਾ ਨੂੰ ਪਿਛਲੇ ਮੰਗਲਵਾਰ ਘੜੀਸ ਕੇ ਗਿ੍ਰਫਤਾਰ ਕੀਤਾ ਗਿਆ ਸੀ। ਸਰਕਾਰ ਨੇ ਹਾਈ ਕੋਰਟ ਵਿਚ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਜ਼ਮਾਨਤ ਦੇਣ ਦਾ ਮਤਲਬ ਭੀੜਾਂ ਨੂੰ ਉਤਸ਼ਾਹਤ ਕਰਨਾ ਹੋਵੇਗਾ। ਇਮਰਾਨ ਦੀ ਗਿ੍ਰਫਤਾਰੀ ਤੋਂ ਬਾਅਦ ਦੇਸ਼-ਭਰ ਵਿਚ ਹਿੰਸਾ ਹੋ ਗਈ ਸੀ।
ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਇਮਰਾਨ ਦੇ ਵਕੀਲ ਨੇ ਕਿਹਾ ਕਿ ਬਾਹਰ ਨਿਕਲਣ ’ਚ ਉਨ੍ਹਾ ਨੂੰ ਕਿਸੇ ਦੂਜੇ ਕੇਸ ਵਿਚ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਅਜਿਹੀ ਸੰਭਾਵਨਾ ਦਾ ਪਤਾ ਲੱਗਣ ’ਤੇ ਇਮਰਾਨ ਨੇ ਕਿਹਾ ਕਿ ਜੇ ਫਿਰ ਗਿ੍ਰਫਤਾਰ ਕੀਤਾ ਤਾਂ ਦੇਸ਼ ਵਿਚ ਹੋਣ ਵਾਲੀ ਪ੍ਰਤੀਕਿਰਿਆ ਲਈ ਉਨ੍ਹਾ ਨੂੰ ਜ਼ਿੰਮੇਦਾਰ ਨਾ ਠਹਿਰਾਉਣਾ। ਇਸ ਦੇ ਬਾਅਦ ਹਾਈ ਕੋਰਟ ਨੇ ਇਕ ਹੋਰ ਹੁਕਮ ਪਾਸ ਕੀਤਾ ਕਿ 9 ਮਈ ਦੇ ਬਾਅਦ ਦਰਜ ਕਿਸੇ ਕੇਸ ਵਿਚ ਇਮਰਾਨ ਦੀ ਗਿ੍ਰਫਤਾਰੀ 17 ਮਈ ਤੱਕ ਨਹੀਂ ਹੋਵੇਗੀ। ਇਸ ’ਤੇ ਕੇਂਦਰੀ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਕਿਹਾ ਕਿ ਏਨੀ ਸਹੂਲਤ ਤਾਂ ਦੁਨੀਆ ਵਿਚ ਕਿਸੇ ਨੂੰ ਨਹੀਂ ਮਿਲ ਸਕਦੀ।
ਜਿਓ ਨਿਊਜ਼ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਦਾ ਫੈਸਲਾ ਇਸਲਾਮਾਬਾਦ ਦੇ 70 ਕਿਲੋਮੀਟਰ ਦੇ ਦਾਇਰੇ ਵਿਚ ਲਾਗੂ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਇਹ ਫੈਸਲਾ ਲਾਗੂ ਨਹੀਂ ਹੁੰਦਾ। ਲਿਹਾਜਾ ਪੰਜਾਬ ਪੁਲਸ ਉਨ੍ਹਾ ਨੂੰ ਕਿਸੇ ਕੇਸ ਵਿਚ ਫੜ ਸਕਦੀ ਹੈ।
ਇਸੇ ਦੌਰਾਨ ਹਾਈ ਕੋਰਟ ਨੇ ਤੋਸ਼ਾਖਾਨਾ ਕੇਸ ਵਿਚ ਵੀ ਇਮਰਾਨ ਨੂੰ ਰਾਹਤ ਦਿੰਦਿਆਂ ਟਰਾਇਲ ਕੋਰਟ ਵਿਚ ਸੁਣਵਾਈ ’ਤੇ ਰੋਕ ਲਾ ਦਿੱਤੀ ਹੈ। ਅਗਲੇ ਹੁਕਮ ਤੱਕ ਸੈਸ਼ਨ ਕੋਰਟ ਸੁਣਵਾਈ ਨਹੀਂ ਕਰ ਸਕੇਗੀ।





