ਭਾਜਪਾ ਤੇਰੇ ਫਿੱਟੇ ਮੂੰਹ
ਕਰਨਾਟਕ ਦੇ ਨਤੀਜੇ ਅੱਜ ਆ ਜਾਣਗੇ। ਪਿਛਲੇ ਬੁੱਧਵਾਰ ਉਥੇ ਵੋਟਾਂ ਪਈਆਂ ਸਨ। ਉਸ ਤੋਂ ਪਹਿਲੀ ਸ਼ਾਮ ਰਾਜ ਦੀ ਕੇ ਆਰ ਪੇਟ ਵਿਧਾਨ ਸਭਾ ਵਿੱਚ ਭਾਜਪਾ ਵਾਲਿਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਉਨ੍ਹਾਂ ਵਿੱਚ ਸਾੜ੍ਹੀਆਂ ਤੇ ਚਿਕਨ ਵੰਡਿਆ ਗਿਆ ਸੀ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਗਲੀ ਸਵੇਰੇ ਜਦੋਂ ਕਾਂਗਰਸ ਵਾਲਿਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਲੋਕਾਂ ਨੂੰ ਇਹ ਤੋਹਫ਼ੇ ਵਾਪਸ ਕਰਨ ਲਈ ਪ੍ਰੇਰ ਲਿਆ। ਅਖ਼ਬਾਰ ਮੁਤਾਬਕ ਵੋਟਰਾਂ ਨੇ ਭਾਜਪਾ ਆਗੂ ਦੇ ਘਰ ਅੱਗੇ ਸਾੜ੍ਹੀਆਂ ਤੇ ਚਿਕਨ ਦਾ ਢੇਰ ਲਾ ਦਿੱਤਾ ਤੇ ਨਾਲ ਹੀ ਭਾਜਪਾ ਵਿਰੁੱਧ ਫਿੱਟੇ ਮੂੰਹ ਦੇ ਨਾਅਰੇ ਵੀ ਲਾਏ। ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਅਖ਼ਬਾਰ ਮੁਤਾਬਕ ਇੱਕ ਵੋਟਰ ਨੇ ਦੱਸਿਆ ਕਿ ਭਾਜਪਾ ਵਾਲੇ ਵੋਟ ਦੇਣ ਬਦਲੇ ਸਾੜ੍ਹੀਆਂ ਤੇ ਚਿਕਨ ਵੰਡਣ ਲਈ ਆਦਿਵਾਸੀ ਬਹੁਗਿਣਤੀ ਵਾਲੇ ਪਿੰਡ ਗੰਜਗੋਰੇ ਆਏ ਸਨ। ਜਦੋਂ ਲੋਕਾਂ ਨੇ ਇਹ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਇਹ ਸਾਮਾਨ ਉਨ੍ਹਾਂ ਦੇ ਬੂਹਿਆਂ ਅੱਗੇ ਰੱਖ ਆਏ। ਇੱਕ ਪੇਂਡੂ ਨੇ ਦੱਸਿਆ ਕਿ ਕੁਝ ਲੋਕਾਂ ਨੇ ਇਹ ਤੋਹਫ਼ੇ ਸਵੀਕਾਰ ਕਰ ਲਏ ਸਨ, ਪਰ ਜਦੋਂ ਅਗਲੀ ਸਵੇਰ ਸਥਾਨਕ ਕਾਂਗਰਸੀ ਆਗੂ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਇਹ ਤੋਹਫ਼ੇ ਵਾਪਸ ਕਰਨ ਦਾ ਫ਼ੈਸਲਾ ਕਰ ਲਿਆ। ਇਹ ਪਿੰਡ ਭਾਜਪਾ ਦੇ ਵੱਡੇ ਆਗੂ ਤੇ ਸਾਬਕਾ ਮੁੱਖ ਮੰਤਰੀ ਯੇਦੂਰੱਪਾ ਦਾ ਜਨਮ ਸਥਾਨ ਹੈ।
ਪਿੰਡ ਦੇ ਵਕੀਲ ਲੋਕੇਸ਼ ਜੀਜੇ ਨੇ ਅਖ਼ਬਾਰ ਨੂੰ ਦੱਸਿਆ ਕਿ ਰਾਤ ਕਰੀਬ ਦੋ ਵਜੇ ਭਾਜਪਾ ਉਮੀਦਵਾਰ ਨਰਾਇਣ ਗੌੜਾ ਦੇ ਸਮੱਰਥਕ ਪਿੰਡ ਆਏ ਸਨ। ਉਨ੍ਹਾਂ ਵੋਟਰਾਂ ਨੂੰ ਲੁਭਾਉਣ ਲਈ ਚਿਕਨ, ਸਾੜ੍ਹੀਆਂ ਤੇ ਪੈਸੇ ਵੰਡਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਵਾਲਿਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹੀ ਵਿਅਕਤੀ ਫਿਰ ਸਵੇਰੇ 3-4 ਵਜੇ ਦੇ ਕਰੀਬ ਆਏ ਤੇ ਸਾਮਾਨ ਲੋਕਾਂ ਦੇ ਘਰਾਂ ਦੇ ਬਾਹਰ ਰੱਖ ਕੇ ਚਲੇ ਗਏ। ਪਿੰਡ ਵਾਸੀਆਂ ਨੇ ਗੁੱਸੇ ਵਿੱਚ ਇਹ ਸਾਮਾਨ ਚੁੱਕ ਕੇ ਭਾਜਪਾ ਆਗੂ ਦੇ ਘਰ ਅੱਗੇ ਰੱਖ ਦਿੱਤਾ ਤੇ ਕੁਝ ਨੇ ਨਾਲ ਵਗਦੀ ਨਦੀ ਵਿੱਚ ਸੁੱਟ ਦਿੱਤਾ। ਇਸ ਘਟਨਾ ਤੋਂ ਸਾਫ਼ ਹੈ ਕਿ ਭਾਜਪਾ ਨੇ ਕਰਨਾਟਕ ਜਿੱਤਣ ਲਈ ਪੈਸੇ ਦੀ ਅੰਨ੍ਹੀ ਵਰਤੋਂ ਕੀਤੀ ਸੀ।