ਜਲੰਧਰ ਜ਼ਿਮਨੀ ਚੋਣ ’ਚ ‘ਆਪ’ ਦੀ ਵੱਡੀ ਜਿੱਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਜਿੱਤ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ’ਤੇ ਮੋਹਰ ਲਾਈ ਹੈ। ਸਾਡੀ 14 ਮਹੀਨਿਆਂ ਦੀ ਸਰਕਾਰ ਦੌਰਾਨ ਲਏ ਫੈਸਲੇ ਲੋਕਾਂ ਨੂੰ ਪਸੰਦ ਆਏ ਹਨ ਤੇ ਉਨ੍ਹਾ ਜਲੰਧਰ ਲੋਕ ਸਭਾ ਸੀਟ ’ਤੇ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਧਰਮਾਂ ਦੇ ਨਾਂਅ ’ਤੇ ਵੋਟਾਂ ਨਹੀਂ ਮੰਗੀਆਂ, ਸਗੋਂ ਮੁੱਦਿਆਂ ਦੀ ਸਿਆਸਤ ਕੀਤੀ ਹੈ। ਜਲੰਧਰ ਚੋਣ ਪ੍ਰਚਾਰ ਦੌਰਾਨ ਅਸੀਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਨਾਲ ਗੱਲਬਾਤ ਕਰਦੇ ਰਹੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ, ਕਿਉਂਕਿ ਅਸੀਂ ਪਹਿਲਾਂ ਕੀਤੇ ਵਾਅਦਿਆਂ ’ਤੇ ਖਰੇ ਉੱਤਰੇ ਹਾਂ, ਇਸ ਕਰਕੇ ਜਲੰਧਰ ਦੇ ਵੋਟਰਾਂ ਨੇ ਸਾਡੇ ’ਤੇ ਭਰੋਸਾ ਜਤਾਇਆ ਤੇ ਸਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਚੋਣ ਪ੍ਰਚਾਰ ਦੌਰਾਨ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਣ-ਸਨਮਾਨ ਦਿੱਤਾ, ਸਾਡੀ ਇੱਜ਼ਤ ਕੀਤੀ, ਸਾਡੇ ’ਤੇ ਫੁੱਲਾਂ ਦੀ ਵਰਖਾ ਕੀਤੀ, ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅੰਤ ’ਚ ਮੁੱਖ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ ਘਰਾਂ ਤੋਂ ਬਾਹਰ ਨਿਕਲਣ ਵਾਲੇ ਹਰ ਵਰਕਰ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਹੈ। ਜਲੰਧਰ ’ਚ ਕਾਂਗਰਸ ਦਾ ਕੋਈ ਵੱਡਾ ਨੇਤਾ ਵੋਟ ਮੰਗਣ ਨਹੀਂ ਆਇਆ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਸੀਟ ਸਾਡੀ ਪੱਕੀ ਹੈ, ਪਰ ਲੋਕਾਂ ਨੇ ਉਨ੍ਹਾਂ ਦਾ ਵਹਿਮ ਤੋੜ ਦਿੱਤਾ ਹੈ।