ਨਵੀਂ ਦਿੱਲੀ : ਕਰਨਾਟਕ ਵਿਧਾਨ ਸਭਾ ਚੋਣਾਂ ’ਚ ਬਹੁਮਤ ਹਾਸਲ ਕਰਨ ਬਾਅਦ ਸ਼ਨੀਵਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਪੱਤਰਕਾਰਾਂ ਸਾਹਮਣੇ ਆਏ। ਰਾਹੁਲ ਨੇ 6 ਵਾਰ ਨਮਸਕਾਰ ਕਿਹਾ। ਉਨ੍ਹਾ ਕਿਹਾ ਕਿ ਕਰਨਾਟਕ ’ਚ ਨਫਰਤ ਦਾ ਬਾਜ਼ਾਰ ਬੰਦ ਹੋ ਗਿਆ, ਮੁਹੱਬਤ ਦੀ ਦੁਕਾਨ ਖੁੱਲ੍ਹ ਗਈ। ਕਰਨਾਟਕ ਨੇ ਦਿਖਾ ਦਿੱਤਾ ਕਿ ਦੇਸ਼ ਨੂੰ ਮੁਹੱਬਤ ਚੰਗੀ ਲੱਗਦੀ ਹੈ। ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਕਰਨਾਟਕ ਦੇ ਗਰੀਬ ਲੋਕਾਂ ਦੀ ਤਾਕਤ ਨੇ ਗੰਢਤੁੱਪ ਵਾਲੇ ਪੂੰਜੀਪਤੀਆਂ ਦੀ ਤਾਕਤ ਨੂੰ ਹਰਾ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਚੋਣਾਂ 2023 ’ਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਉੱਥੋਂ ਦੇ ਲੋਕਾਂ ਅਤੇ ਸਾਡੀ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਇਸ ਜਿੱਤ ਲਈ ਸਖਤ ਮਿਹਨਤ ਕੀਤੀ।