ਜਲੰਧਰ (ਸ਼ੈਲੀ ਐਲਬਰਟ, ਰਾਜੇਸ਼ ਥਾਪਾ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)-ਕਾਂਗਰਸ ਦੇ ਗੜ੍ਹ ਜਲੰਧਰ ਤੋਂ ‘ਆਪ’ ਨੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ। ਸੁਸ਼ੀਲ ਕੁਮਾਰ ਰਿੰਕੂ ਨੂੰ 302097 ਵੋਟਾਂ ਪਈਆਂ, ਜਦਕਿ ਕਰਮਜੀਤ ਕੌਰ ਨੂੰ 243450 ਵੋਟਾਂ ਹਾਸਲ ਹੋਈਆਂ। ਅਕਾਲੀ ਦਲ-ਬਸਪਾ ਉਮੀਦਵਾਰ ਸੁਖਵਿੰਦਰ ਸੁੱਖੀ 158354 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 134706 ਵੋਟਾਂ ਨਾਲ ਚੌਥੇ ਨੰਬਰ ’ਤੇ ਰਹੇ। ਸ਼੍ਰੋਮਣੀ ਅਕਾਲੀ ਦਲ (ਅ) ਦਾ ਉਮੀਦਵਾਰ ਗੁਰਜੰਟ ਸਿੰਘ ਕੱਟੂ 20 ਹਾਜ਼ਰ ਵੋਟਾਂ ਹੀ ਹਾਸਲ ਕਰ ਸਕਿਆ। ਵਿਧਾਨ ਸਭਾ ਸੀਟਾਂ ਦੇ ਤੌਰ ’ਤੇ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਸਭ ਤੋਂ ਜ਼ਿਆਦਾ 13890 ਦੀ ਬੜ੍ਹਤ ਕਰਤਾਰਪੁਰ ਤੋਂ ਮਿਲੀ। ਦੂਜੇ ਨੰਬਰ ’ਤੇ ਜਲੰਧਰ ਵੈੱਸਟ ਤੋਂ 9500 ਦੀ ਬੜ੍ਹਤ ਮਿਲੀ। ਇਸ ਤੋਂ ਬਾਅਦ ਆਦਮਪੁਰ ਤੋਂ 8960, ਫਿਲੌਰ ਅਤੇ ਜਲੰਧਰ ਕੈਂਟ ਤੋਂ 7 ਹਜ਼ਾਰ, ਨਕੋਦਰ ਤੋਂ 5211 ਅਤੇ ਸ਼ਾਹਕੋਟ ਤੋਂ 273 ਦੀ ਬੜ੍ਹਤ ਮਿਲੀ।
‘ਆਪ’ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤ ਲਈ ਹੈ। ਕਾਂਗਰਸ ਲਈ ਵੱਡਾ ਝਟਕਾ ਰਿਹਾ, ਕਾਂਗਰਸ ਕੋਲ ਇਹ ਸੀਟ 1999 ਤੋਂ ਸੀ। ਕਾਂਗਰਸ ਨੇ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਵਿਧਵਾ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ। ਜਲੰਧਰ ਦੀ ਜਿੱਤ ਨੇ ‘ਆਪ’ ਨੂੰ ਜਲਦੀ ਹੀ ਹੋਣ ਵਾਲੀਆਂ ਸਥਾਨਕ ਸਰਕਾਰਾਂ ਚੋਣਾਂ ਲਈ ਹੌਸਲਾ ਦਿੱਤਾ ਹੈ। ਰਿੰਕੂ ਨੇ ਜਲੰਧਰ ਪੱਛਮੀ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਸੀ ਤੇ ਉਹ ਜੇਤੂ ਰਹੇ ਸਨ। ਰਿੰਕੂ ਆਪ ਦੇ ਪਹਿਲੇ ਐੱਮ ਪੀ ਬਣ ਗਏ ਹਨ, ਜਿਹੜੇ ਜਲੰਧਰ ਤੋਂ ਪਹਿਲ਼ੀ ਵਾਰ ਲੋਕ ਸਭਾ ਵਿੱਚ ਨੁਮਾਇੰਦਗੀ ਕਰਨਗੇ। ਰਿੰਕੂ ਨੇ ਪਹਿਲੇ ਗੇੜ ਤੋਂ ਹੀ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਜੋ ਆਖਰ ਤੱਕ ਕਾਇਮ ਰਹੀ।ਰਿੰਕੂ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਇੱਕ ਸਾਲ ਦੇ ਕੰਮਾਂ ਦੀ ਜਿੱਤ ਹੈ। ਉਨ੍ਹਾ ਜਨਤਾ ਦਾ ਧੰਨਵਾਦ ਕਰਦੇ ਕਿਹਾ ਕਿ ਜਨਤਾ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕਰਵਾਈ ਹੈ, ਇਸ ’ਚ ਵੋਟਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ।
ਉਨ੍ਹਾ ਕਿਹਾ ਕਿ ਮੈਂ ਸਮਝਦਾ ਹਾਂ ਕਿ ਅੱਜ ਮੈਂ ਉਸ ਚੰਗੀ ਵਿਚਾਰਧਾਰਾ ਨਾਲ ਜੁੜਿਆ ਹਾਂ, ਜਿਹੜੇ ਜਾਤ-ਪਾਤ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਜਜ਼ਬਾ ਰੱਖਦੇ ਹਨ। ਉਸ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੋਚ ਅਤੇ ਮਿਹਨਤ ਸਦਕਾ ਹੀ ਅੱਜ ਵੱਡੀ ਲੀਡ ਸਾਨੂੰ ਮਿਲੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਪ੍ਰੈੱਸ ਕਾਨਫਰੰਸ ਕਰਕੇ ਜਲੰਧਰ ਉਪ ਚੋਣ ’ਚ ਮਿਲੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਜਲੰਧਰ ਦੀ ‘ਆਪ’ ਦੀ ਜਿੱਤ ਨੇ ਦੱਸ ਦਿੱਤਾ ਹੈ ਕਿ ਲੋਕ ਪਾਰਟੀ ਦੇ ਕੰਮਾਂ ਤੋਂ ਸੰਤੁਸ਼ਟ ਅਤੇ ਖੁਸ਼ ਹਨ। ਉਨ੍ਹਾ ਕਿਹਾ ਕਿ ਅਸੀਂ ਸਿਰਫ ਕੰਮ ਦੀ ਰਾਜਨੀਤੀ ਕਰਦੇ ਹਾਂ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਡੇ ਕੰਮਾਂ ਨੂੰ ਸਵੀਕਾਰ ਕੀਤਾ ਹੈ। ਉਨ੍ਹਾ ਕਿਹਾ ਕਿ ਵਿਰੋਧੀ ਧਿਰ ਨੇ ਗੰਦੀ ਰਾਜਨੀਤੀ ਕੀਤੀ, ਪਰ ‘ਆਪ’ ਨੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ।