ਬੈਂਗਲੁਰੂ : ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਲਈ ਨਵੀਂ ਉਮੀਦ ਬਣ ਕੇ ਆਏ ਹਨ। ਦੱਖਣ ਭਾਰਤ ਦਾ ਦੁਆਰ ਕਹੇ ਜਾਣ ਵਾਲੇ ਇਸ ਸੂਬੇ ’ਚ ਕਾਂਗਰਸ ਨੂੰ ਪੂਰਨ ਬਹੁਮਤ ਮਿਲ ਗਿਆ ਹੈ। ਦੱਖਣ ਦੇ ਦੁਰਗ ’ਚ ਇਸ ਜਿੱਤ ਦੇ ਮਾਇਨੇ ਵੀ ਵੱਡੇ ਹਨ। ਜਿੱਥੇ ਡੀ ਕੇ ਸ਼ਿਵਕੁਮਾਰ ਜਿੱਤ ਤੋਂ ਬਾਅਦ ਭਾਵੁਕ ਹੋ ਗਏ, ਉਥੇ ਰਾਹੁਲ ਗਾਂਧੀ ਜਦ ਪੱਤਰਕਾਰਾਂ ਸਾਹਮਣੇ ਆਏ ਤਾਂ ਪੰਜ ਵਾਰ ਨਮਸਕਾਰ ਕੀਤਾ। 224 ਮੈਂਬਰਾਂ ਵਾਲੀ ਕਰਨਾਟਕ ਵਿਧਾਨ ਸਭਾ ਲਈ ਹੋਈਆਂ ਚੋਣਾਂ ’ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। ਕਾਂਗਰਸ ਨੇ 135 ਤੋਂ ਜ਼ਿਆਦਾ ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਦਕਿ ਭਾਜਪਾ ਸਿਰਫ਼ 64 ਸੀਟਾਂ ’ਤੇ ਸਿਮਟ ਕੇ ਰਹਿ ਗਈ। ਇਸ ਦੇ ਨਾਲ ਹੀ ਕਾਂਗਰਸ ਨੇ ਸੱਤਾਧਾਰੀ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਕਾਂਗਰਸ ਨੇ ਰਣਨੀਤੀ ਦੇ ਤਹਿਤ ਇਨ੍ਹਾਂ ਚੋਣਾਂ ’ਚ ਜਿੱਤ ਹਾਸਲ ਕੀਤੀ। ਕਾਂਗਰਸ ਨੇ ਨਾ ਸਿਰਫ਼ ਸਥਾਨਕ ਮੁੱਦਿਆਂ ’ਤੇ ਫੋਕਸ ਕੀਤਾ, ਬਲਕਿ ਭਿ੍ਰਸ਼ਟਾਚਾਰ ਨੂੰ ਚੋਣ ਦਾ ਪ੍ਰਮੁੱਖ ਮੁੱਦਾ ਵੀ ਬਣਾਇਆ। ਹਿਮਾਚਲ ਫਤਿਹ ਦੇ 6-7 ਮਹੀਨੇ ਦੇ ਅੰਦਰ ਕਾਂਗਰਸ ਦੀ ਝੋਲੀ ’ਚ ਇੱਕ ਹੋਰ ਸੂਬਾ ਆਇਆ ਹੈ। ਦੋਵਾਂ ਥਾਵਾਂ ’ਤੇ ਕਾਂਗਰਸ ਨੇ ਭਾਜਪਾ ਨੂੰ ਬੇਹੱਦ ਸ਼ਾਨਦਾਰ ਅੰਦਾਜ਼ ’ਚ ਸੱਤਾ ’ਚੋਂ ਬੇਦਖਲ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ’ਚ ’ਚ ਕਾਂਗਰਸ ਨੂੰ 80 ਸੀਟਾਂ ਮਿਲੀਆਂ ਸਨ। ਉਥੇ ਹੀ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 104 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਤੌਰ ’ਤੇ ਉਭਰੀ ਭਾਜਪਾ ਹੁਣ ਸਿਰਫ਼ ਦੂਜੇ ਨੰਬਰ ’ਤੇ ਆਈ ਹੈ। ਪਿਛਲੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੇ ਨਾਲ ਕੁਝ ਸਮੇਂ ਤੱਕ ਗਠਜੋੜ ਦੀ ਸਰਕਾਰ ਚਲਾਉਣ ਵਾਲੇ ਜਨਤਾ ਦਲ (ਸੈਕੂਲਰ) ਨੂੰ ਵੀ ਨੁਕਸਾਨ ਉਠਾਉਣਾ ਪਿਆ।
ਕਰਨਾਟਕ ’ਚ ਕਾਂਗਰਸ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਾਂਗਰਸ ਨੂੰ ਵਧਾਈ ਦਿੱਤੀ। ਮੋਦੀ ਨੇ ਲਿਖਿਆ, ‘ਕਰਨਾਟਕ ਵਿਧਾਨ ਸਭਾ ਚੋਣਾਂ ’ਚ ਜਿੱਤ ’ਤੇ ਕਾਂਗਰਸ ਪਾਰਟੀ ਨੂੰ ਵਧਾਈ। ਲੋਕਾਂ ਦੀਆਂ ਆਸ਼ਾਵਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ। ਕਰਨਾਟਕ ’ਚ ਭਾਜਪਾ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਭਿ੍ਰਸ਼ਟਾਚਾਰ ਬਣਿਆ। ਕਰਨਾਟਕ ਦੀ ਭਾਜਪਾ ਸਰਕਾਰ ’ਚ ਕੁਰੱਪਸ਼ਨ ਸਿਖਰਾਂ ’ਤੇ ਰਿਹਾ। ਹਰ ਕੰਮ ਲਈ ਕਮਿਸ਼ਨ ਦੇਣਾ ਪੈਂਦਾ ਸੀ। ਭਾਜਪਾ ਦੀ ਇਸ ਕਮਜ਼ੋਰ ਨਬਜ਼ ਨੂੰ ਕਾਂਗਰਸ ਨੇ ਸਮੇਂ ਰਹਿੰਦੇ ਫੜ ਲਿਆ ਤੇ ਫਿਰ ਕੁਰੱਪਸ਼ਨ ’ਤੇ ਜੰਮ ਕੇ ਹਮਲਾ ਬੋਲਿਆ। 40 ਫੀਸਦੀ ਕਮਿਸ਼ਨ ਵਾਲੀ ਸਰਕਾਰ ਦਾ ਨਾਅਰਾ ਦੇ ਕੇ ਕਾਂਗਰਸ ਨੇ ਜਨਤਾ ਦਾ ਧਿਆਨ ਸੂਬੇ ’ਚ ਚੱਲ ਰਹੀ ਕੁਰੱਪਸ਼ਨ ਦੀ ਖੇਡ ਨੂੰ ਸਾਹਮਣੇ ਲਿਆਂਦਾ। ਚੋਣਾਂ ਦੇ ਠੀਕ ਪਹਿਲਾਂ ਭਾਜਪਾ ਦੇ ਇੱਕ ਵਿਧਾਇਕ ਦੇ ਘਰੋਂ 8 ਕਰੋੜ ਤੋਂ ਜ਼ਿਆਦਾ ਨਗਦੀ ਬਰਾਮਦ ਹੋਈ। ਇਥੇ ਭਾਜਪਾ ਨੇ ਹਿੰਦੂ-ਮੁਸਲਿਮ ਧਰੁਵੀਕਰਨ ਦਾ ਪੂਰਾ ਦਾਅ ਖੇਡਿਆ, ਪਰ ਇਹ ਦਾਅ ਇੱਥੇ ਬਿਲਕੁੱਲ ਫੇਲ੍ਹ ਹੋ ਗਿਆ। ਕਰਨਾਟਕ ਇਸ ਤਰ੍ਹਾਂ ਦਾ ਸੂਬਾ ਹੈ, ਜਿੱਥੇ ਪਿਛਲੇ 34 ਸਾਲਾਂ ਤੋਂ ਕੋਈ ਵੀ ਸੱਤਾਧਾਰੀ ਦਲ ਵਾਪਸੀ ਨਹੀਂ ਕਰ ਸਕਿਆ। 2018 ਦੀ ਲੰਗੜੀ ਅਸੰਬਲੀ ਤੋਂ ਬਾਅਦ ਭਾਜਪਾ ਨੇ ਇੱਥੇ ਜੋੜ-ਤੋੜ ਕਰਕੇ ਸਰਕਾਰ ਬਣ ਲਈ ਸੀ। ਸੱਤਾ ’ਚ ਆਉਣ ਤੋਂ ਬਾਅਦ ਭਾਜਪਾ ਨੇ ਕਈ ਇਸ ਤਰ੍ਹਾਂ ਦੇ ਫੈਸਲੇ ਲਏ, ਜਿਸ ਨਾਲ ਕਰਨਾਟਕ ਵਾਸੀਆਂ ਨੂੰ ਪ੍ਰੇਸ਼ਾਨੀ ’ਚ ਪਾ ਦਿੱਤਾ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਹਾਰ ਨੂੰ ਸਵੀਕਾਰ ਕਰ ਲਿਆ ਹੈ। ਬੋਮਈ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਵਰਕਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਟੀਚਾ ਹਾਸਲ ਨਹੀਂ ਕਰ ਸਕੇ।