ਕਠਮੰਡੂ : ਨੇਪਾਲ ਦੇ 46 ਸਾਲਾ ਸ਼ੇਰਪਾ ਗਾਈਡ ਪਾਸੰਗ ਦਾਵਾ ਨੇ ਐਤਵਾਰ 26ਵੀਂ ਵਾਰ ਮਾਊਂਟ ਐਵਰੈੱਸਟ ਨੂੰ ਸਰ ਕਰਕੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਚੜ੍ਹਨ ਦੇ ਇਕ ਹੋਰ ਨੇਪਾਲੀ ਗਾਈਡ ਕੀਮਾ ਰਾਤੀ ਵੱਲੋਂ ਪਿਛਲੇ ਸਾਲ ਕਾਇਮ ਕੀਤੇ ਰਿਕਾਰਡ ਦੀ ਬਰਾਬਰੀ ਕਰ ਲਈ। ਇਮੇਜਿਨ ਨੇਪਾਲ ਟਰੈਕਸ ਅਨੁਸਾਰ ਪਾਸੰਗ ਦਾਵਾ ਸ਼ੇਰਪਾ ਸਵੇਰੇ ਹੰਗਰੀ ਦੇ ਪਰਬਤਾਰੋਹੀ ਨਾਲ ਚੋਟੀ ਦੇ ਸਿਖਰ ’ਤੇ ਪੁੱਜਿਆ। ਉਹ ਪਹਿਲੀ ਵਾਰ 1998 ’ਚ ਪਹਿਲੀ ਵਾਰ 8849 ਮੀਟਰ ਉੱਚੇ ਐਵਰੈੱਸਟ ’ਤੇ ਚੜ੍ਹਿਆ ਸੀ। ਪਾਸੰਗ ਇਸ ਸਾਲ ਇਕ ਵਾਰ ਫਿਰ ਚੜ੍ਹਨ ਦੀ ਕੋਸ਼ਿਸ਼ ਕਰੇਗਾ। ਸਫਲ ਹੋਣ ’ਤੇ ਰਿਕਾਰਡ ਉਸ ਦੇ ਨਾਂਅ ਹੋ ਜਾਵੇਗਾ। ਸ਼ੇਰਪਿਆਂ ਨੂੰ ਪਹਾੜਾਂ ’ਤੇ ਚੜ੍ਹਨ ਦੀ ਮੁਹਾਰਤ ਲਈ ਜਾਣਿਆ ਜਾਂਦਾ ਹੈ। ਉਹ ਵਿਦੇਸ਼ੀ ਪਰਬਤਾਰੋਹੀਆਂ ਦੀ ਐਵਰੈੱਸਟ ’ਤੇ ਚੜ੍ਹਨ ਵਿਚ ਮਦਦ ਕਰਦੇ ਹਨ ਤੇ ਇਸ ਨਾਲ ਉਨ੍ਹਾਂ ਨੂੰ ਕਮਾਈ ਹੁੰਦੀ ਹੈ। ਹਰ ਪਰਬਤਾਰੋਹੀ ਨਾਲ ਇਕ ਸ਼ੇਰਪਾ ਜ਼ਰੂਰ ਜਾਂਦਾ ਹੈ।