ਜੰਮੂ : ਇੱਥੇ ਸਰਕਾਰੀ ਮੈਡੀਕਲ ਕਾਲਜ ਦੇ ਹੋਸਟਲ ’ਚ ‘ਦਿ ਕੇਰਲਾ ਸਟੋਰੀ’ ਫਿਲਮ ਕਾਰਨ ਦੋ ਧੜਿਆਂ ਦਰਮਿਆਨ ਝਗੜਾ ਹੋ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਜਾਂਚ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ। ਜੰਮੂ ਦੇ ਐੱਸ ਐੱਸ ਪੀ ਚੰਦਨ ਕੋਹਲੀ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਵਿਚਕਾਰ ਝੜਪ ਹੋਈ। ਵਿਦਿਆਰਥੀਆਂ ਨੇ ਕਿਹਾ ਕਿ ਝੜਪ ਐਤਵਾਰ ਦੇਰ ਰਾਤ ਤੋਂ ਬਾਅਦ ਹੋਈ ਜਦੋਂ ਇੱਕ ਵਿਦਿਆਰਥੀ ਨੇ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਗਰੁੱਪ ’ਚ ਵਿਵਾਦਪੂਰਨ ਫਿਲਮ ਦਾ ਲਿੰਕ ਸਾਂਝਾ ਕੀਤਾ, ਜਿਸ ’ਤੇ ਉਸ ਦੇ ਬੈਚਮੇਟ ਨੇ ਇਤਰਾਜ਼ ਕੀਤਾ ਤੇ ਕਿਹਾ ਕਿ ਇਹ ਸੰਸਥਾ ਪੜ੍ਹਾਈ ਲਈ ਹੈ। ਵਿਦਿਆਰਥੀ, ਜਿਸ ਨੇ ਲਿੰਕ ਸਾਂਝਾ ਕਰਨ ’ਤੇ ਇਤਰਾਜ਼ ਜਤਾਇਆ ਸੀ, ਦੀ ਬਾਅਦ ’ਚ ਹੋਸਟਲ ਅੰਦਰ ਕੁੱਟਮਾਰ ਕੀਤੀ ਗਈ। ਇਸ ਨਾਲ ਹੰਗਾਮਾ ਹੋ ਗਿਆ, ਕਿਉਂਕਿ ਕੁਝ ਬਾਹਰੀ ਲੋਕਾਂ ਦੇ ਨਾਲ ਵੱਧ ਤੋਂ ਵੱਧ ਵਿਦਿਆਰਥੀ ਹੰਗਾਮੇ ’ਚ ਸ਼ਾਮਲ ਹੋ ਗਏ। ਇੱਕ ਵਿਦਿਆਰਥੀ ’ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਉਸ ਦੇ ਸਿਰ ’ਚ ਸੱਟਾਂ ਲੱਗੀਆਂ। ਹਮਲੇ ’ਚ ਦੋ ਹੋਰ ਵਿਦਿਆਰਥੀ ਵੀ ਜ਼ਖਮੀ ਹੋ ਗਏ। ਪੁਲਸ ਦੇ ਪੁੱਜਣ ਤੋਂ ਬਾਅਦ ਬਾਹਰੀ ਵਿਅਕਤੀ ਫਰਾਰ ਹੋ ਗਏ। ਵਿਦਿਆਰਥੀਆਂ ਦੇ ਇੱਕ ਗਰੁੱਪ ਨੇ ਸੋਮਵਾਰ ਕਲਾਸਾਂ ਦਾ ਬਾਈਕਾਟ ਕੀਤਾ ਅਤੇ ਹਸਪਤਾਲ ਦੇ ਬਾਹਰ ਇਕੱਠੇ ਹੋ ਕੇ ਜਾਂਚ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ। ਪਿ੍ਰੰਸੀਪਲ ਸ਼ਸ਼ੀ ਸੂਦਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।