ਨਵੀਂ ਦਿੱਲੀ : ਸਾਰੇ ਡਾਕਟਰਾਂ ਨੂੰ ਦੇਸ਼ ’ਚ ਪ੍ਰੈਕਟਿਸ ਲਈ ਹੁਣ ਸਟੇਟ ਮੈਡੀਕਲ ਕੌਂਸਲਾਂ ਦੇ ਨਾਲ-ਨਾਲ ਕੌਮੀ ਮੈਡੀਕਲ ਕਮਿਸ਼ਨ (ਐੱਨ ਐੱਮ ਸੀ) ’ਚ ਰਜਿਸਟਰਡ ਹੋਣਾ ਹੋਵੇਗਾ ਅਤੇ ਵਿਲੱਖਣ ਪਛਾਣ ਨੰਬਰ (ਯੂ ਆਈ ਡੀ) ਪ੍ਰਾਪਤ ਕਰਨਾ ਹੋਵੇਗਾ। ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਇਹ ਡੈਟਾ ਕੌਮੀ ਮੈਡੀਕਲ ਰਜਿਸਟਰ ’ਚ ਅੱਪਡੇਟ ਕੀਤਾ ਜਾਵੇਗਾ ਅਤੇ ਆਮ ਲੋਕਾਂ ਲਈ ਉਪਲੱਬਧ ਹੋਵੇਗਾ। ਇਸ ਦੇ ਨਾਲ ਇਹ ਐੱਨ ਐੱਮ ਸੀ ਦੀ ਵੈੱਬਸਾਈਟ ’ਤੇ ਹੋਵੇਗਾ। ਵੈੱਬਸਾਈਟ ’ਤੇ ਡਾਕਟਰ ਬਾਰੇ ਵੱਖ-ਵੱਖ ਜਾਣਕਾਰੀ ਹੋਵੇਗੀ, ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਨਾਂਅ, ਰਜਿਸਟ੍ਰੇਸ਼ਨ ਦੀ ਮਿਤੀ, ਕੰਮ ਦਾ ਸਥਾਨ (ਹਸਪਤਾਲ ਜਾਂ ਸੰਸਥਾ ਦਾ ਨਾਂਅ), ਡਾਕਟਰੀ ਯੋਗਤਾਵਾਂ ਸਮੇਤ ਵਾਧੂ ਮੈਡੀਕਲ ਯੋਗਤਾਵਾਂ, ਵਿਸ਼ੇਸ਼ਤਾ ਅਤੇ ਉਸ ਸੰਸਥਾ ਜਾਂ ਯੂਨੀਵਰਸਿਟੀ ਦਾ ਨਾਂਅ, ਜਿੱਥੇ ਡਾਕਟਰ ਨੇ ਅਧਿਐਨ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ, ਜਿਸ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ 2019 ਦੇ ਤਹਿਤ ਮਾਨਤਾ ਪ੍ਰਾਪਤ ਮੁੱਢਲੀ ਸਹਾਇਤਾ ਯੋਗਤਾ ਪ੍ਰਾਪਤ ਕੀਤੀ ਹੈ ਤੇ ਐਕਟ ਦੀ ਧਾਰਾ 15 ਅਧੀਨ ਕਰਵਾਈ ਗਈ ਰਾਸ਼ਟਰੀ ਪ੍ਰੀਖਿਆ ਪਾਸ ਕਰਨ ਵਾਲੇ ਡਾਕਟਰ ਵੀ ਰਜਿਸਟ੍ਰੇਸ਼ਨ ਲਈ ਯੋਗ ਹੋਣਗੇ, ਬਸ਼ਰਤੇ ਉਹ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਰੈਗੂਲੇਸ਼ਨ, 2021 ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣ।