ਚੰਡੀਗੜ੍ਹ : ਪੰਜਾਬ ਇਸਤਰੀ ਸਭਾ ਦਾ ਇਕ ਗਰੁੱਪ ਦਿੱਲੀ ਦੇ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਭਲਵਾਨਾਂ ਕੋਲ ਪਹੁੰਚਿਆ। ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਅਤੇ ਪੰਜਾਬ ਇਸਤਰੀ ਸਭਾ ਲਗਾਤਾਰ ਮਹਿਲਾ ਭਲਵਾਨਾਂ ਵੱਲੋਂ ਲੜੇ ਜਾ ਰਹੇ ਇਨਸਾਫ ਲਈ ਸੰਘਰਸ਼ ਦੀ ਹਮਾਇਤ ਵਿਚ ਆਪਣਾ ਹਿੱਸਾ ਪਾ ਰਹੀਆਂ ਹਨ। ਵੱਖ-ਵੱਖ ਰਾਜਾਂ ਵਿੱਚ ਅਤੇ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਕੇ ਮਹਿਲਾ ਭਲਵਾਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ।
ਪੰਜਾਬ ਇਸਤਰੀ ਸਭਾ ਦੇ ਇਸ ਜੱਥੇ ਵਿੱਚ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ, ਸੀਨੀਅਰ ਸਹਾਇਕ ਸਕੱਤਰ ਨਰਿੰਦਰ ਸੋਹਲ, ਸਰਪ੍ਰਸਤ ਨਰਿੰਦਰਪਾਲ ਫਿਰੋਜ਼ਪੁਰ, ਤਿ੍ਰਪਤ ਕਾਲੀਆ ਅਤੇ ਨਸੀਬ ਕੌਰ ਸ਼ਾਮਲ ਹੋਏ। ਉਹਨਾਂ ਇਕ ਸ਼ੀਟ ’ਤੇ ਲੋਕਾਂ ਦੇ ਦਸਤਖਤ ਕਰਵਾਏ ਅਤੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਨੂੰ ਭੇਟ ਕੀਤੇ। ਅਜਿਹਾ ਕਰਕੇ ਉਹਨਾਂ ਨੇ ਲੜਾਈ ਨੂੰ ਆਮ ਲੋਕਾਂ ਤੱਕ ਪਹੁੰਚਾਇਆ।
ਰਾਜਿੰਦਰਪਾਲ ਕੌਰ ਅਤੇ ਨਰਿੰਦਰ ਸੋਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਐਨੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਅਜਿਹਾ ਕੁਕਰਮ ਕਰਨ ਦੀ ਹਿੰਮਤ ਨਾ ਪਵੇ। ਸਾਨੂੰ ਜਾਤਾਂ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਪੀੜਤ ਬੱਚੀ ਦੇ ਨਾਲ ਖਲੋਣਾ ਚਾਹੀਦਾ ਹੈ ਤਾਂ ਹੀ ਇਸ ਸੰਘਰਸ਼ ਨੂੰ ਜਿੱਤ ਵਿੱਚ ਬਦਲਿਆ ਜਾ ਸਕਦਾ ਹੈ। 13 ਮਈ ਨੂੰ ਇਕ ਵੱਡਾ ਜਥਾ ਫਾਜ਼ਿਲਕਾ ਤੋਂ ਜ਼ਿਲ੍ਹਾ ਜਨਰਲ ਸਕੱਤਰ ਜੋਗਿੰਦਰ ਜਲਾਲਾਬਾਦ, ਪ੍ਰਧਾਨ ਸੁਮਿਤਰਾ, ਮੀਤ ਪ੍ਰਧਾਨ ਹਰਜੀਤ ਦੀ ਅਗਵਾਈ ਵਿੱਚ ਜੰਤਰ ਮੰਤਰ ਵਿਖੇ ਪਹੁੰਚਿਆ। ਇਹਨਾਂ ਤਿੰਨਾਂ ਆਗੂਆਂ ਨੇ ਭਲਵਾਨਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਇਸਤਰੀ ਸਭਾ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਪੰਜਾਬ ਇਸਤਰੀ ਸਭਾ ਨੇ ਫੈਸਲਾ ਕੀਤਾ ਹੈ ਕਿ ਹਰ ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਇਸ ਸੰਘਰਸ਼ ਤੋਂ ਜਾਣੂ ਕਰਵਾ ਕੇ ਦਸਤਖਤ ਕਰਵਾਏ ਜਾਣਗੇ ਅਤੇ 20 ਮਈ ਨੂੰ ਹਰ ਜ਼ਿਲ੍ਹੇ ਦੇ ਡੀ.ਸੀ. ਰਾਹੀਂ ਰਾਸ਼ਟਰਪਤੀ ਨੂੰ ਭੇਜੇ ਜਾਣਗੇ।