30.5 C
Jalandhar
Tuesday, August 16, 2022
spot_img

ਠੇਕੇਦਾਰੀਕਰਨ ਖਿਲਾਫ਼ ਸਾਂਝਾ ਮੋਰਚਾ ਖੜਾ ਕਰਨ ਦਾ ਸੱਦਾ

ਖੰਨਾ : ਕੇਂਦਰ ਸਰਕਾਰ ਵੱਲੋਂ ਫੌਜੀ ਭਰਤੀ ‘ਚ ਚਾਰ ਸਾਲ ਵਾਸਤੇ ਠੇਕੇ ‘ਤੇ ਭਰਤੀ ਕਰਨ ਦੇ ਫੈਸਲੇ ਨੂੰ ਸਿਰੇ ਦਾ ਤੁਗਲਕੀ ਫੈਸਲਾ ਕਰਾਰ ਦਿੰਦੇ ਹੋਏ ਇੱਥੇ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਨੇ ਸ਼ਨੀਵਾਰ ਅਪਣੀ ਹੰਗਾਮੀ ਮੀਟਿੰਗ ਕੀਤੀ | ਫਰੰਟ ਦੇ ਆਗੂਆਂ ਅਜਮੇਰ ਸਿੰਘ, ਬੰਤ ਬਰਾੜ, ਪ੍ਰਗਟ ਸਿੰਘ ਜਾਮਾਰਾਏ, ਕੰਵਲਜੀਤ ਖੰਨਾ, ਸੁਖਦਰਸ਼ਨ ਨੱਤ ਤੇ ਕਿਰਨਜੀਤ ਸੇਖੋਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਫੌਜ ਦੇ ਕਾਰਪੋਰੇਟੀਕਰਨ ਦਾ ਮੋਦੀ ਹਕੂਮਤ ਦਾ ਫੈਸਲਾ ਲੋਕ-ਵਿਰੋਧੀ ਤੇ ਦੇਸ਼ ਵਿਰੋਧੀ ਹੈ |
ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਡੂੰਘੇ ਪਤਾਲ ‘ਚ ਧੱਸ ਚੁੱਕੀ ਹੈ | ਲੱਕ ਤੋੜ ਮਹਿੰਗਾਈ ਨੇ ਵੱਡੀ ਗਿਣਤੀ ਲੋਕਾਂ ਦੇ ਮੂੰਹ ‘ਚੋਂ ਆਖਰੀ ਬੁਰਕੀ ਵੀ ਖੋਹ ਲਈ ਹੈ | ਇਸ ਹਾਲਤ ‘ਚ ਹੁਣ ਕਿਸਾਨੀ ਨੂੰ ਬਰਬਾਦ ਕਰਨ ਤੋਂ ਬਾਅਦ ਚਾਰ ਸਾਲ ਲਈ ਫੌਜੀ ਭਰਤੀ ਕਰਕੇ ਜਵਾਨੀ ਨੂੰ ਨਾ ਘਰ ਦਾ ਨਾ ਘਾਟ ਦਾ ਛੱਡਣ ਦਾ ਇਹ ਫੈਸਲਾ ਅਤਿਅੰਤ ਖਤਰਨਾਕ ਹੈ |
ਸਮੂਹ ਆਗੂਆਂ ਨੇ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਚਾਰ ਸਾਲ ਬਾਰਡਰਾਂ ‘ਤੇ ਨਿਹੱਕੀ ਜੰਗ ਦਾ ਖਾਜਾ ਬਣਨ ਦਾ ਕਿੱਤਾ ਕਿਸ ਜਜ਼ਬੇ ਨਾਲ, ਕਿਸ ਦੇਸ਼ ਭਗਤੀ ਨਾਲ ਨਿਭਾਇਆ ਜਾਵੇਗਾ, ਜਦੋਂ ਇਹ ਪਤਾ ਹੋਵੇਗਾ ਕਿ ਚਾਰ ਸਾਲ ਤੋਂ ਬਾਅਦ ਉਹ ਰੋਟੀ ਤੋਂ ਵੀ ਆਤੁਰ ਹੋ ਜਾਣਗੇ | ਇਹ ਫੈਸਲਾ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਨਾਲ ਧਰੋਹ ਹੈ, ਜਿਹੜੇ ਦੋ ਦੋ ਸਾਲਾਂ ਤੋਂ ਕਰਜ਼ਾ ਚੁੱਕ ਕੇ ਇਸ ਭਰਤੀ ਦੇ ਟੈਸਟਾਂ ਦੀ ਤਿਆਰੀ ਕਰ ਰਹੇ ਸਨ | ਜੀਂਦ ਦਾ ਇਕ ਨੌਜਵਾਨ ਸਚਿੱਨ ਨਿਰਾਸ਼ ਹੋ ਕੇ ਖੁਦਕਸ਼ੀ ਕਰ ਗਿਆ ਹੈ | ਇਸ ਫੈਸਲੇ ਨੇ ਦੇਸ਼ ਭਰ ਦੀ ਜਵਾਨੀ ਨੂੰ ਸੜਕਾਂ ‘ਤੇ ਲੈ ਆਂਦਾ ਹੈ, ਜਿਥੇ ਉਹ ਵੱਖ-ਵੱਖ ਢੰਗਾਂ ਨਾਲ ਅਪਣੇ ਗੁੱਸੇ ਦਾ ਪ੍ਰਗਟਾਅ ਕਰ ਰਹੇ ਹਨ | ਫਰੰਟ ਆਗੂਆਂ ਨੇ ‘ਅਗਨੀਪੱਥ’ ਨਾਂਅ ਦੀ ਚਾਰ ਸਾਲ ਦੀ ਫੌਜ ਦੀ ਨੌਕਰੀ ਦੀ ਯੋਜਨਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਨੂੰ ਧਾਰਮਕ ਘੱਟ ਗਿਣਤੀਆਂ ‘ਤੇ ਢਾਹੇ ਜਾ ਰਹੇ ਜਬਰ ਖਿਲਾਫ ਤੇ ਵਿਸ਼ੇਸਕਰ ‘ਅਗਨੀਪੱਥ’ ਨੂੰ ਵਾਪਸ ਕਰਾਉਣ ਲਈ ਫਾਸ਼ੀਵਾਦ ਤੇ ਫੌਜ ਦੇ ਠੇਕੇਦਾਰੀਕਰਨ ਖਿਲਾਫ ਵਿਸ਼ਾਲ ਸਾਂਝਾ ਮੋਰਚਾ ਖੜਾ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ |

Related Articles

LEAVE A REPLY

Please enter your comment!
Please enter your name here

Latest Articles