ਬਾਘਾ ਪੁਰਾਣਾ (ਮਨੀ ਸਿੰਗਲਾ)-ਮੋਗਾ ਜ਼ਿਲੇ੍ਹ ਦੇ ਪਿੰਡ ਉਗੋਕੇ ਵਿਖੇ ਸ਼ੁੱਕਰਵਾਰ ਤੜਕਸਾਰ ਨਹਿਰ ਦੀ ਪਟੜੀ ਵਿੱਚ ਡੂੰਘਾ ਪਾੜ ਪੈਣ ਕਰਕੇ ਪਿੰਡ ਦੇ ਕਿਸਾਨਾਂ ਦੀ 100 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ | ਕਿਸਾਨਾਂ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਵੱਖੋ-ਵੱਖ ਸਾਧਨਾਂ ਨਾਲ ਮਸਾਂ ਪਾੜ ਪੂਰਿਆ | ਪਿੰਡ ਵਾਸੀ ਜਸਵੀਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਸੁਖਮੰਦਰ ਸਿੰਘ, ਜਸਪਾਲ ਸਿੰਘ, ਗੁਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ 4 ਵਜੇ ਪਾੜ ਪੈਣ ਦੀ ਸੂਚਨਾ ਪਿੰਡ ਵਾਸੀਆਂ ਨੂੰ ਮਿਲੀ, ਜਿਸ ਮਗਰੋਂ ਵੱਡੇ ਦਰੱਖਤ ਸੁੱਟ ਕੇ ਮਿੱਟੀ ਦੀ ਮੱਦਦ ਨਾਲ ਪਾੜ ਪੂਰਿਆ | ਪਾਣੀ ਦਾ ਵਹਾਅ ਤੇਜ਼ ਕਰ ਕੇ ਚਾਰ ਚੁਫ਼ੇਰੇ ਕਿਸਾਨਾਂ ਦੇ ਖ਼ੇਤਾਂ ਵਿੱਚ ਪਾਣੀ ਭਰ ਗਿਆ | ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਡੀ ਅੱੈਸ ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ, ਥਾਣਾ ਮੁਖੀ ਜਤਿੰਦਰ ਸਿੰਘ, ਤਹਿਸੀਲਦਾਰ ਰੀਡਰ ਅਮਰਜੀਤ ਸਿੰਘ ਤੋਂ ਇਲਾਵਾ ਨਹਿਰੀ ਵਿਭਾਗ ਦੇ ਐਕਸੀਅਨ ਤੇ ਹੋਰ ਅਧਿਕਾਰੀ ਵੀ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ | ਪਿੰਡ ਦੇ ਕਿਸਾਨਾਂ ਦਾ ਦੋਸ਼ ਹੈ ਕਿ ਨਹਿਰ ਦੀ ਪਟੜੀ ਦੀ ਹਾਲਤ ਖਰਾਬ ਹੋਣ ਕਰਕੇ ਪਿੰਡ ਦੇ ਕਿਸਾਨਾਂ ਨੇ ਕਈ ਦਫ਼ਾ ਨਹਿਰੀ ਵਿਭਾਗ ਨੂੰ ਜਾਣੂੰ ਕਰਵਾਇਆ ਸੀ, ਪ੍ਰੰਤੂ ਸਮੇਂ ਸਿਰ ਕਾਰਵਾਈ ਨਾ ਕਰਨ ਨਹਿਰ ਵਿੱਚ ਪਾੜ ਪਿਆ ਹੈ |





