ਸਮੱਗਲਰਾਂ-ਗੈਂਗਸਟਰਾਂ ਖਿਲਾਫ ਵਿਆਪਕ ਛਾਪੇਮਾਰੀ

0
212

ਚੰਡੀਗੜ, (ਗੁਰਜੀਤ ਬਿੱਲਾ)-ਪੰਜਾਬ ਪੁਲਸ ਨੇ ਬੁੱਧਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਨਾਲ ਸਾਂਝੇ ਅਪ੍ਰੇਸ਼ਨ ਤਹਿਤ ਸੂਬੇ ਭਰ ਵਿੱਚ ਇੱਕੋ ਸਮੇਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਛੁਪਣਗਾਹਾਂ ’ਤੇ ਘੇਰਾਬੰਦੀ ਤੇ ਤਲਾਸ਼ੀ ਅਪ੍ਰੇਸ਼ਨ (ਸੀ ਏ ਐੱਸ ਓ) ਚਲਾਇਆ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਅਪ੍ਰੇਸ਼ਨ ਨੂੰ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਅੰਜਾਮ ਦਿੱਤਾ ਗਿਆ ਸੀ, ਜਿਸ ਵਿੱਚ ਐੱਨ ਆਈ ਏ ਨੇ ਪੰਜਾਬ ਪੁਲਸ ਦੇ ਸਹਿਯੋਗ ਨਾਲ ਗੈਂਗਸਟਰਾਂ ਦੇ 58 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜਦਕਿ, ਪੰਜਾਬ ਪੁਲਸ ਨੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ 143 ਟਿਕਾਣਿਆਂ ’ਤੇ ਤਲਾਸ਼ੀ ਤੇ ਤਫ਼ਤੀਸ਼ ਅਪ੍ਰੇਸ਼ਨ (ਸੀ ਏ ਐੱਸ ਓ. ) ਚਲਾਇਆ । ਇਸ ਦੌਰਾਨ ਪੰਜਾਬ ਪੁਲਸ ਦੀਆਂ ਘੱਟੋ-ਘੱਟ 125 ਪਾਰਟੀਆਂ, ਜਿਨਾਂ ਵਿੱਚ 1200 ਤੋਂ ਵੱਧ ਪੁਲਸ ਮੁਲਾਜ਼ਮ ਸ਼ਾਮਲ ਸਨ, ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਡੀ ਜੀ ਪੀ ਨੇ ਕਿਹਾ ਕਿ ਹਾਲ ਹੀ ਵਿੱਚ ਗਿ੍ਰਫਤਾਰ ਕੀਤੇ ਗਏ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਪੁੱਛਗਿੱਛ ਤੋਂ ਬਾਅਦ ਛਾਪੇਮਾਰੀ ਦੀ ਯੋਜਨਾ ਬਣਾਈ ਗਈ ਸੀ। ਸਪੈਸ਼ਲ ਡੀ ਜੀ ਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਸ ਟੀਮਾਂ ਵੱਲੋਂ ਘਰਾਂ ਅਤੇ ਹੋਰ ਅਹਾਤਿਆਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਹੈ ਅਤੇ ਮੋਬਾਇਲ ਫੋਨਾਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਤੋਂ ਡੇਟਾ ਵੀ ਇਕੱਤਰ ਕੀਤਾ ਗਿਆ ਹੈ, ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾ ਕਿਹਾ ਕਿ ਪੁਲਿਸ ਟੀਮਾਂ ਨੂੰ ਅਪਰਾਧੀਆਂ/ ਗੈਂਗਸਟਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵੀ ਕਿਹਾ ਗਿਆ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਜੇਲ੍ਹ ਵਿੱਚ ਹੈ, ਜ਼ਮਾਨਤ ’ਤੇ ਹੈ, ਬਰੀ ਹੋ ਗਿਆ ਹੈ ਜਾਂ ਭਗੌੜਾ ਹੈ। ਹੋਰ ਪੜਤਾਲ ਲਈ ਕਈ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਅਪਰਾਧਕ ਸਮਗਰੀ ਜ਼ਬਤ ਕੀਤੀ ਗਈ ਹੈ।

LEAVE A REPLY

Please enter your comment!
Please enter your name here