ਨਵੀਂ ਦਿੱਲੀ : ਕਰਨਾਟਕ ਦਾ ਮੁੱਖ ਮੰਤਰੀ ਚੁਣਨ ਲਈ ਕਾਂਗਰਸ ਵਿਚ ਚੱਲ ਰਹੇ ਮੀਟਿੰਗਾਂ ਦੇ ਦੌਰ ਨੂੰ ਭਾਜਪਾ ਵੱਲੋਂ ‘ਸਰਕਸ’ ਕਰਾਰ ਦੇਣ ’ਤੇ ਕਾਂਗਰਸ ਨੇ ਭਾਜਪਾ ਵੱਲੋਂ ਪਿਛਲੇ ਸਮੇਂ ਮੁੱਖ ਮੰਤਰੀਆਂ ਦੀ ਚੋਣ ਲਈ ਲਏ ਸਮੇਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਵੀ ਇਹੀ ਕਰਦੀ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਮੈਂ ਉਨ੍ਹਾਂ ਲੋਕਾਂ ਦੀ ਯਾਦ ਨੂੰ ਤਾਜ਼ਾ ਕਰਨਾ ਚਾਹੁੰਦਾ ਹਾਂ, ਜੋ ਪ੍ਰਧਾਨ ਮੰਤਰੀ ਦੀ ਤਾਰੀਫ ਕਰ ਰਹੇ ਹਨ। 2017 ਦੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਏ ਅਤੇ 8 ਦਿਨਾਂ ਬਾਅਦ 19 ਮਾਰਚ ਨੂੰ ਯੋਗੀ ਆਦਿਤਿਆਨਾਥ ਮੁੱਖ ਮੰਤਰੀ ਚੁਣੇ ਗਏ। 2021 ’ਚ ਅਸਾਮ ਵਿਧਾਨ ਸਭਾ ਚੋਣਾਂ ਦੇ ਨਤੀਜੇ 3 ਮਾਰਚ ਨੂੰ ਆਏ ਤੇ ਹੇਮੰਤ ਵਿਸਵਾ ਸਰਮਾ 7 ਦਿਨ ਬਾਅਦ ਮੁੱਖ ਮੰਤਰੀ ਚੁਣੇ ਗਏ। ਅਜਿਹੀਆਂ ਹੋਰ ਵੀ ਕਈ ਉਦਾਹਰਣਾਂ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ ਸੀਕੀ ਤੁਸੀਂ ਸਰਕਸ ਦੇਖਣਾ ਚਾਹੁੰਦੇ ਹੋ? ਦੇਖੋ ਕਰਨਾਟਕ ’ਚ ਕਾਂਗਰਸ ਮੁੱਖ ਮੰਤਰੀ ਦੀ ਚੋਣ ਕਰ ਰਹੀ ਹੈ।