ਚੰਡੀਗੜ੍ਹ/ਸੰਗਰੂਰ (ਗੁਰਜੀਤ ਬਿੱਲਾ)
‘ਪੰਜਾਬ ਸਰਕਾਰ ਕਾਰੋਬਾਰੀਆਂ ਅਤੇ ਉਦਯੋਪਤੀਆਂ ਲਈ ਈ- ਗਵਰਨਮੈਂਟ ਤਹਿਤ ਸਿੰਗਲ ਵਿੰਡੋ ਵਿਵਸਥਾ ਲਾਗੂ ਕਰੇਗੀ ਤਾਂ ਜੋ ਕਾਰੋਬਾਰ ਅਤੇ ਉਦਯੋਗ ਸਥਾਪਤ ਕਰਨ ‘ਚ ਆ ਰਹੀਆਂ ਮੁਸ਼ਕਲਾਂ ਦਾ ਸੌਖੇ ਤਰੀਕੇ ਨਾਲ ਹੱਲ ਹੋ ਸਕੇ |’ ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਲੋਕ ਸਭਾ ਹਲਕੇ ਦੇ ਵਪਾਰੀਆਂ ਅਤੇ ਉਦਯੋਪਤੀਆਂ ਨੂੰ ਬਰਨਾਲਾ, ਸੰਗਰੂਰ ਅਤੇ ਸੁਨਾਮ ‘ਚ ਵਿਸ਼ੇਸ਼ ਤੌਰ ‘ਤੇ ਮਿਲਣ ਲਈ ਆਏ ਸਨ | ਮਾਨ ਨੇ ਦੱਸਿਆ ਕਿ ਸਿੰਗਲ ਵਿੰਡੋ ਸਿਸਟਮ ਲਾਗੂ ਹੋਣ ਨਾਲ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਸੌਖੇ ਤੇ ਪਾਰਦਰਸ਼ੀ ਤਰੀਕੇ ਨਾਲ ਐੱਨ ਓ ਸੀ ਸਮੇਤ ਹੋਰ ਮਨਜ਼ੂਰੀਆਂ ਪ੍ਰਾਪਤ ਕਰ ਸਕਣਗੇ | ਇਸ ਨਾਲ ਸੂਬੇ ‘ਚ ਕਾਰੋਬਾਰ ਸਥਾਪਤ ਕਰਨ ‘ਚ ਆਸਾਨੀ ਹੋਵੇਗੀ |
ਮੁੱਖ ਮੰਤਰੀ ਨੇ ਕਿਹਾ ਕਿ ਪੱਛੜੇ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਸੰਗਰੂਰ ‘ਚ ਹਸਪਤਾਲ, ਸਕੂਲ, ਕਾਲਜ, ਕੰਪਨੀਆਂ ਦੇ ਦਫ਼ਤਰ ਅਤੇ ਉਦਯੋਗ ਸਥਾਪਤ ਕਰਕੇ ਇਸ ਨੂੰ ਪੰਜਾਬ ਦਾ ਰੋਲ਼ ਮਾਡਲ ਜ਼ਿਲ੍ਹਾ ਬਣਾਇਆ ਜਾਵੇਗਾ | ਇੱਥੇ ਰੁਜ਼ਗਾਰ ਸਥਾਪਤ ਹੋਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਨਾਲ ਹਲਕੇ ਵਿਚੋਂ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ | ਮਾਨ ਨੇ ਕਿਹਾ ਕਿ ਤਿੰਨ ਮਹੀਨਿਆਂ ‘ਚ 6 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਛੁਡਵਾਏ ਗਏ ਹਨ ਅਤੇ ਜਲਦੀ ਹੀ 60 ਹਜ਼ਾਰ ਏਕੜ ਪੰਚਾਇਤੀ ਅਤੇ ਸਰਕਾਰੀ ਜ਼ਮੀਨ ਤੋਂ ਪ੍ਰਭਾਵਸ਼ਾਲੀ ਲੋਕਾਂ ਦੇ ਕਬਜ਼ੇ ਛੁਡਾਉਣ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ |
ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਰੌਲ਼ਾ ਪਾਉਣ ਵਾਲੀਆਂ ਵਿਰੋਧੀ ਪਾਰਟੀਆਂ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਮੇਤ ਭਾਰਤੀ ਜਨਤਾ ਪਾਰਟੀ ਦੇ ਆਗੂ ‘ਆਪ ਸਰਕਾਰ’ ਦੇ ਕੰਮਾਂ ਨੂੰ ਦੇਖ ਕੇ ਬੁਖਲਾਹਟ ਵਿੱਚ ਆ ਗਏ ਹਨ ਅਤੇ ਉਹ ਆਪਣੀਆਂ ਬੇਤੁਕੀਆਂ ਟਿੱਪਣੀਆਂ ਨਾਲ ‘ਆਪ ਸਰਕਾਰ’ ਦੀ ਸਾਫ਼-ਸੁਥਰੀ ਦਿਖ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਮਾਨ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਆਪਣਾ ਪਿਆਰ ਦੇ ਕੇ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰਮੇਲ ਸਿੰਘ ਨੇ ਸਰਪੰਚ ਹੁੰਦਿਆਂ ਪਿੰਡ ਦੀ ਜ਼ਮੀਨ ਦੀ ਰੱਖਿਆ ਕੀਤੀ ਸੀ ਅਤੇ ਉਹ ਵੱਡੀ ਪੰਚਾਇਤ ਵਿੱਚ ਜਾ ਕੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਹੱਕਾਂ ਦੀ ਰਾਖੀ ਵੀ ਜ਼ਰੂਰ ਕਰੇਗਾ |
ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਪਾਰੀਆਂ ਅਤੇ ਉਦਯੋਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਬਹੁਤ ਹੀ ਸ਼ਲਾਘਾਯੋਗ ਹੈ, ਜੋ ਹਰ ਸਮੇਂ ਲੋਕ ਪੱਖੀ ਫ਼ੈਸਲੇ ਲੈ ਰਹੀ ਹੈ | ਉਨ੍ਹਾ ਕਿਹਾ ਕਿ ਤਿੰਨ ਮਹੀਨਿਆਂ ਦੇ ਸ਼ਾਸਨ ‘ਚ ਲੋਕਾਂ ਅਤੇ ਵਪਾਰੀਆਂ ਦੀ ਸਹੂਲਤ ਲਈ ਮਾਨ ਸਰਕਾਰ ਵੱਲੋਂ ਚੰਗੇ ਕੰਮ ਕੀਤੇ ਗਏ ਹਨ ਅਤੇ ਸਰਕਾਰੀ ਵਿਭਾਗਾਂ ‘ਚੋਂ ਭਿ੍ਸ਼ਟਾਚਾਰ ਕੀਤਾ ਖ਼ਤਮ ਕਰਕੇ ਉਦਯੋਪਤੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ |
ਵਿਰੋਧੀਆਂ ਪਾਰਟੀਆਂ ‘ਤੇ ਤਿੱਖੇ ਹਮਲੇ ਬੋਲਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਆਗੂ ਆਪਣੀਆਂ ਤਿਜੌਰੀਆਂ ਭਰਨ ‘ਤੇ ਧਿਆਨ ਦਿੰਦੇ ਸਨ ਅਤੇ ਵੱਖ-ਵੱਖ ਯੋਜਨਾਵਾਂ ‘ਚ ਭਿ੍ਸ਼ਟਾਚਾਰ ਕਰਦੇ ਸਨ, ਪਰ ਮਾਨ ਸਰਕਾਰ ਸੂਬੇ ਦੇ ਗੁਆਚੇ ਮਾਣ ਸਨਮਾਨ ਨੂੰ ਮੁੱੜ ਬਹਾਲ ਕਰਨ ਲਈ ਮਿਹਨਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ‘ਚ ਨਵੇਂ ਸਕੂਲ, ਕਾਲਜ ਅਤੇ ਹਸਪਤਾਲ ਬਣਾਏ ਜਾਣਗੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ | ਇਸ ਦੇ ਲਈ ਮਾਨ ਸਰਕਾਰ ਨੇ ਪਹਿਲਾਂ ਹੀ 25, 000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੇਣ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ | ਸਿਸੋਦੀਆ ਨੇ ‘ਆਪ’ ਮੰਤਰੀਆਂ ਦੀ ਦਿ੍ੜ੍ਹ ਇੱਛਾ-ਸ਼ਕਤੀ ਦਾ ਖੁਲਾਸਾ ਕਰਦਿਆਂ ਕਿਹਾ, ‘ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੁੱਛਿਆ ਕਿ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਸਮੇਂ ਉਨ੍ਹਾ ਨੂੰ ਮਾਫੀਆ ਤੋਂ ਡਰ ਨਹੀਂ ਲੱਗਦਾ, ਤਾਂ ਇਸ ਦੇ ਜਵਾਬ ‘ਚ ਧਾਲੀਵਾਲ ਨੇ ਕਿਹਾ ਕਿ ਲੋਕਾਂ ਨੇ ਪਿਛਲੇ ਮਾੜੇ ਆਗੂਆਂ ਵੱਲੋਂ ਫ਼ੈਲਾਈ ਗੰਦਗੀ ਸਾਫ਼ ਕਰਨ ਲਈ ਹੀ ਉਨ੍ਹਾ ਨੂੰ ਮੰਤਰੀ ਬਣਾਇਆ ਹੈ |’ ਉਨ੍ਹਾ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪੰਜਾਬ ਨੂੰ ਫਿਰ ਤੋਂ ਪ੍ਰਗਤੀਸ਼ੀਲ ਸੂਬਾ ਬਣਾਉਣ ਲਈ ਕੀਤੇ ਜਾ ਰਹੇ ਕੰਮ ‘ਤੇ ਪ੍ਰਸੰਸਾ ਵੀ ਕੀਤੀ | ਉਹਨਾ ਵਪਾਰੀਆਂ, ਉਦਯੋਗਪਤੀਆਂ ਸਮੇਤ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੰਗਰੂਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣ | ਉਨ੍ਹਾ ਕਿਹਾ, ‘ਜਿਵੇਂ ਤੁਸੀਂ ਆਪਣੇ ਪਿਆਰੇ ਭਗਵੰਤ ਮਾਨ ‘ਤੇ ਪਿਆਰ ਵਰਸਾ ਕੇ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਬਣਾਇਆ ਅਤੇ ਫਿਰ ਪੰਜਾਬ ਦਾ ਮੁੱਖ ਮੰਤਰੀ | ਇਸੇ ਤਰ੍ਹਾਂ 23 ਜੂਨ ਨੂੰ ਆਪਣੀ ਇੱਕ-ਇੱਕ ਵੋਟ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ‘ਚ ਜ਼ਰੂਰ ਪਾਉਣਾ, ਤਾਂ ਜੋ ਪੰਜਾਬ ਦੇ ਹੱਕਾਂ ਲਈ ਸੰਸਦ ਵਿੱਚ ਵੀ ਆਵਾਜ਼ ਗੂੰਜਦੀ ਰਹੇ |’





