11.5 C
Jalandhar
Tuesday, December 24, 2024
spot_img

ਸਿੱਖ ਬੁੰਗਿਆਂ ਦੀ ਹੋਂਦ ਮਿਟਾਉਣ ਦੇ ਲੱਗ ਰਹੇ ਨੇ ਸ਼੍ਰੋਮਣੀ ਕਮੇਟੀ ਉੱਪਰ ਦੋਸ਼

ਤਲਵੰਡੀ ਸਾਬੋ. (ਜਗਦੀਪ ਗਿੱਲ)-ਸਿੱਖ ਧਰਮ ਵਿੱਚ ਪੁਰਾਤਨ ਕਾਲ ਤੋਂ ਚਲੇ ਆ ਰਹੇ ਅਤੇ ਅਹਿਮ ਸਥਾਨ ਰੱਖਦੇ ਵੱਖ-ਵੱਖ ਬੁੰਗਿਆਂ ਦੇ ਪ੍ਰਬੰਧ ਹੇਠਲੀਆਂ ਜਾਇਦਾਦਾਂ ਹਥਿਆ ਕੇ ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੀ ਕਬਰ ਆਪ ਖੋਦਣ ਦੇ ਰਾਹ ਪੈ ਗਈ ਹੈ, ਸੁਚੇਤ ਹਲਕਿਆਂ ਵਿੱਚ ਇਹ ਸਵਾਲ ਅੱਜਕੱਲ੍ਹ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਏ ਸਿੰਘਾਂ, ਜਿਸ ਦੇ ਪ੍ਰਬੰਧ ਹੇਠਲੀ ਬੇਸ਼ਕੀਮਤੀ ਜ਼ਮੀਨ ਉਪਰ ਕਬਜ਼ਾ ਕਰਕੇ ਸ਼੍ਰੋਮਣੀ ਕਮੇਟੀ ਨੇ ਆਪਣੀ ਨਾਦਰਸ਼ਾਹੀ ਦਾ ਪ੍ਰਗਟਾਵਾ ਕੀਤਾ ਹੈ, ਦਰਜਨਾਂ ਦੇ ਕਰੀਬ ਸਥਾਨਕ ਬੁੰਗਿਆਂ ਵਿੱਚੋਂ ਇੱਕ ਹੈ, ਜਿਹੜੇ ਦਮਦਮਾ ਸਾਹਿਬ ਦੀ ਧਰਤੀ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਸੰਭਾਲਣ ਤੋਂ ਵੀ ਲੰਮਾ ਅਰਸਾ ਪਹਿਲਾਂ ਤੋਂ ਇੱਥੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਕਰਦੇ ਆ ਰਹੇ ਹਨ।
ਮਾਲਵੇ ਦੇ ਇਕ ਖੋਜੀ ਸਿੱਖ ਵਿਦਵਾਨ ਬਲਵੰਤ ਸਿੰਘ ਕੋਠਾ ਗੁਰੂ ਨੇ ਆਪਣੀ ਪੁਸਤਕ ਤਲਵੰਡੀ ਸਾਬੋ ਦਾ ਇਤਿਹਾਸ ਵਿਚ ਇੱਥੇ ਇਕ ਦਰਜਨ ਦੇ ਕਰੀਬ ਪੁਰਾਤਨ ਸਿੱਖ ਬੁੰਗੇ ਹੋਣ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਥਿਤ ਜਾਇਜ਼- ਨਾਜਾਇਜ਼ ਤਰੀਕੇ ਅਪਣਾਉਂਦਿਆਂ ਆਪਣੇ ਪ੍ਰਬੰਧ ਹੇਠ ਕਰ ਲਿਆ ਹੈ।
ਗੁਰਦੁਆਰਾ ਨਾਨਕਸਰ ਰਵਿਦਾਸੀਏ ਸਿੰਘਾਂ ਦੇ ਨਾਲ-ਨਾਲ ਬੁੰਗਾ “ਬਾਬਾ ਬੀਰ ਸਿੰਘ ਧੀਰ ਸਿੰਘ’’ ਵੀ ਲੱਗਭੱਗ ਚਾਰ ਦਹਾਕੇ ਪਹਿਲਾਂ ਇਸ ਇਲਾਕੇ ਦੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉਸ ਦੀ ਅਸਲੀ ਇਤਿਹਾਸਕ ਜਗ੍ਹਾ ਤੋਂ ਦੂਰ ਬਣਾਉਣਾ ਪੈ ਗਿਆ ਸੀ, ਕਿਉਂਕਿ ਬੁੰਗਾ ਬਾਬਾ ਬੀਰ ਸਿੰਘ ਧੀਰ ਸਿੰਘ ਵਾਲੀ ਪੁਰਾਤਨ ਜਗ੍ਹਾ ਉਪਰ ਸ਼੍ਰੋਮਣੀ ਕਮੇਟੀ ਨੇ ਕਬਜ਼ਾ ਕਰ ਲਿਆ ਸੀ।
ਢਾਈ ਦਹਾਕੇ ਪਹਿਲਾਂ ਇੱਥੋਂ ਦੇ ਇਕ ਹੋਰ ਪੁਰਾਤਨ ਸਿੱਖ ਬੁੰਗੇ (ਬੋਹੜ ਖਾਈ) ਜਿਸ ਦੇ ਪ੍ਰਬੰਧ ਹੇਠ ਛੇ ਏਕੜ ਦੇ ਕਰੀਬ ਜ਼ਮੀਨ ਵੀ ਸੀ, ਦੇ ਉਸ ਵੇਲੇ ਦੇ 90 ਸਾਲਾ ਮਹੰਤ ਹਰਨਾਮ ਸਿੰਘ ਨਾਲ ਕੋਈ ਅਸਲੋਂ ਅਣਹੋਣੀ ਵਾਪਰੀ ਦੱਸੀ ਜਾਂਦੀ ਹੈ। ਤਲਵੰਡੀ ਸਾਬੋ ਦੇ ਸਾਬਕਾ ਸਰਪੰਚ ਮਾਸਟਰ ਜਗਦੀਪ ਸਿੰਘ ਗੋਗੀ ਵੱਲੋਂ ਲਾਏ ਜਾਂਦੇ ਦੋਸ਼ਾਂ ਅਨੁਸਾਰ 1995 ਦੀ ਵਿਸਾਖੀ ਵਾਲੇ ਦਿਨ ਉੱਥੇ ਵਰਤਾਏ ਗਏ ਕਥਿਤ ਜ਼ਹਿਰੀਲੇ ਪ੍ਰਸਾਦ ਦੀ ਵਜ੍ਹਾ ਕਰਕੇ ਉਕਤ ਮਹੰਤ ਦੀ ਪਤਨੀ ਅਤੇ ਕੁਝ ਹੋਰ ਲੋਕ ਤਾਂ ਘਟਨਾ ਉਪਰੰਤ ਹਸਪਤਾਲ ਵਿਚ ਹੋਏ ਇਲਾਜ ਪਿੱਛੋਂ ਬਚ ਗਏ ਸਨ, ਪਰ ਉਕਤ ਘਟਨਾ ਵਿੱਚ ਰੱਬ ਨੂੰ ਪਿਆਰੇ ਹੋ ਗਏ ਮਹੰਤ ਦਾ ਸਸਕਾਰ ’ਤੇ ਕੀਰਤਨ ਸੋਹਲਾ ਉਥੇ ਹੀ ਪੜ੍ਹ ਦਿੱਤਾ ਗਿਆ ਸੀ। ਸਿੱਖ ਜਿਨ੍ਹਾਂ ਚੌਂਕੀਆਂ, ਝੰਡੇ ਬੁੰਗਿਆਂ ਦਾ ਜ਼ਿਕਰ ਅਰਦਾਸ ਵਿੱਚ ਕਰਦੇ ਹਨ, ਖੋਜੀ ਵਿਦਵਾਨਾਂ ਅਨੁਸਾਰ ਉਹ ਚੌਂਕੀਆਂ ਇਹਨਾਂ ਬੁੰਗਿਆਂ ਤੋਂ ਹੀ ਨਿਕਲਦੀਆਂ ਸਨ। ਇਕ ਜਾਣਕਾਰੀ ਅਨੁਸਾਰ ਦਮਦਮਾ ਸਾਹਿਬ ਤੋਂ ਮੁਕਤਸਰੀ, ਅਨੰਦਪੁਰੀ ਅਤੇ ਹੋਰ ਵੱਖ-ਵੱਖ ਧਾਮਾਂ ਵੱਲ ਚੌਂਕੀਆਂ ਕੱਢੇ ਜਾਣ ਦਾ ਇਤਿਹਾਸ ਵਿਚ ਜ਼ਿਕਰ ਮਿਲਦਾ ਹੈ। ਇਹ ਚੌਂਕੀਆਂ ਤੇ ਬੁੰਗੇ ਹੀ ਸਨ, ਜਿਹੜੇ ਪੁਰਾਤਨ ਸਮੇਂ ਵਿੱਚ ਸਿੱਖੀ ਦੇ ਪ੍ਰਸਾਰ-ਪ੍ਰਚਾਰ ਦੇ ਮੁੱਖ ਸੋਮੇ ਹੋਇਆ ਕਰਦੇ ਸਨ। ਸਥਾਨਕ ਬੁੰਗਾ ਨਾਨਕਸਰ ਰਵਿਦਾਸੀਏ ਸਿੱਖਾਂ ਦੇ ਪ੍ਰਬੰਧ ਹੇਠਲੀ ਬੇਸ਼ਕੀਮਤੀ ਜ਼ਮੀਨ ਉਪਰ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਭਾਰੀ ਟਾਸਕ ਫੋਰਸ ਲਾ ਕੇ ਕੀਤੇ ਗਏ ਕਬਜ਼ੇ ਪਿੱਛੋਂ ਰਵਿਦਾਸੀਆ ਸਿੱਖ ਭਾਈਚਾਰਾ ਉੱਬਲ ਉੱਠਿਆ ਹੈ। ਗਰਮ ਹੋਏ ਲੋਹੇ ਨੂੰ ਆਪਣੇ ਅਨੁਸਾਰ ਢਾਲਣ ਲਈ ਵੱਖ-ਵੱਖ ਸਿਆਸੀ ਦਲਾਂ ਦੇ ਵੱਡੇ ਲੀਡਰਾਂ ਵੱਲੋਂ ਤਲਵੰਡੀ ਸਾਬੋ ਦੇ ਭਲਵਾਨੀ ਗੇੜੇ ਸ਼ੁਰੂ ਹੋ ਗਏ ਹਨ। ਲੰਘੇ ਦਿਨ ਉਸ ਪਾਰਟੀ ਦਾ ਇੱਕ ਵੱਡਾ ਲੀਡਰ ਵੀ ਮਗਰਮੱਛ ਦੇ ਕਥਿਤ ਅੱਥਰੂ ਵਹਾ ਕੇ ਦਲਿਤਾਂ ਦੇ ਦਿਲ ਜਿੱਤਣ ਦਾ ਯਤਨ ਕਰਦਾ ਵੇਖਿਆ ਗਿਆ, ਜਿਸ ਪਾਰਟੀ ਦੇ ਰਾਜ ਵਿੱਚ 1995 ਦੀ ਵਿਸਾਖੀ ਵਾਲਾ ਉਕਤ ਕਾਂਡ ਵਾਪਰਿਆ ਤੇ ਉਨ੍ਹਾਂ ਸਮੇਤ ਅੱਜ ਤੱਕ ਕਿਸੇ ਵੱਲੋਂ ਵੀ ਉਕਤ ਕਾਂਡ ਦੀ ਜਾਂਚ ਕਰਵਾਉਣ ਦੀ ਜ਼ਰੂਰਤ ਨਹੀਂ ਸਮਝੀ ਗਈ।

Related Articles

LEAVE A REPLY

Please enter your comment!
Please enter your name here

Latest Articles