ਜਲੰਧਰ : ਫੋਟੋ ਜਰਨਲਿਸਟ ਪਦਮਸ੍ਰੀ ਸੁਧਾਰਕ ਓਲਵੇ ਮੁੰਬਈ ਅਤੇ ਰਣਦੀਪ ਮੱਦੋਕੇ ਚੰਡੀਗੜ੍ਹ ਦੁਆਰਾ ਆਪਣੇ ਸਹਿਯੋਗੀ ਦਸਤਾਵੇਜ਼ੀ ਫ਼ਿਲਮਸਾਜ਼ ਨਿਰਮਾਣ ਚੌਧਰੀ ਮੁੰਬਈ ਨਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਿਯੋਗ ਨਾਲ ਫੋਟੋਗ੍ਰਾਫ਼ਿਕ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ। ਸਿਖਿਆਰਥੀਆਂ ਦੀ ਭਾਵਪੂਰਤ ਹਾਜ਼ਰੀ ਵਾਲੀ ਵਰਕਸ਼ਾਪ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖਜ਼ਾਨਚੀ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਵਿਜੈ ਬੰਬੇਲੀ, ਡਾ. ਸੈਲੇਸ਼, ਵਿਸ਼ੇਸ਼ ਅਧਿਆਪਕ ਸੁਧਾਰਕ ਓਲਵੇ ਅਤੇ ਰਣਦੀਪ ਮੱਦੋਕੇ ਦੁਆਰਾ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਇਆ। ਲੈਕਚਰ, ਸਕਰੀਨ ਸ਼ੋਅ, ਪ੍ਰੈਕਟੀਕਲ ਤੋਂ ਇਲਾਵਾ ਫ਼ੋਟੋ ਕਲਾ ਵਰਕਸ਼ਾਪ ’ਚ ਸ਼ਿਰਕਤ ਕਰਨ ਵਾਲੇ ਸਿਖਿਆਰਥੀਆਂ ਨੇ ‘ਕਲਾ ਲੋਕਾਂ ਦੁਆਰਾ ਲੋਕਾਂ ਲਈ’ ਦੇ ਸੰਕਲਪ ਨੂੰ ਬੁਲੰਦ ਕਰਨ ਦਾ ਅਹਿਦ ਲਿਆ।ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅਮੋਲਕ ਸਿੰਘ ਨੇ ਮੌਜੂਦਾ ਸੰਦਰਭ ’ਚ ਕੈਮਰੇ ਅਤੇ ਫੋਟੋ ਦੀ ਅਹਿਮੀਅਤ ਬਿਆਨਦਿਆਂ ਕਿਹਾ ਕਿ ਇਤਿਹਾਸ, ਸਾਹਿਤ, ਕਲਾ ਅਤੇ ਸਮਾਜ ਨੂੰ ਜਾਨਣ ਅਤੇ ਸਚਿਆਰਾ ਬਣਾਉਣ ’ਚ ਫੋਟੋ ਕਲਾ ਦੀ ਵਿਸ਼ੇਸ਼ ਭੂਮਿਕਾ ਹੈ। ਉਪਰੰਤ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਪ੍ਰਧਾਨ ਅਜਮੇਰ ਸਿੰਘ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸਮੇਂ-ਸਮੇਂ ਅਜਿਹੇ ਪ੍ਰੋਗਰਾਮਾਂ ਦੀ ਸਾਰਥਿਕਤਾ ਬਾਰੇ ਦੱਸਦਿਆਂ ਕਲਾ ਵਰਕਸ਼ਾਪ ’ਚ ਪੁੱਜੀ ਜੁਆਨੀ ਨੂੰ ਮੁਬਾਰਕਬਾਦ ਦਿੱਤੀ। ਸ੍ਰੀ ਓਲਵੇ, ਮੱਦੋਕੇ ਅਤੇ ਨਿਰਮਾਣ ਨੇ ਫੋਟੋ ਕਲਾ ਬਾਰੇ ਸਮਝਾਉਂਦਿਆਂ ਮੌਜੂਦਾ ਸਿਸਟਮ ਦੇ ਲੋਕ-ਦੋਖੀ ਵਰਤਾਰੇ ’ਤੇ ਬਾਜ਼ ਅੱਖ ਰੱਖਣ ਵਾਲੀ ਅਤੇ ਲਤਾੜੇ ਲੋਕਾਂ ਦਾ ਦਮ ਭਰਨ ਵਾਲੀ ਫੋਟੋਗ੍ਰਾਫੀ ਦੀਆਂ ਬਾਰੀਕੀਆਂ ਬਾਰੇ ਚਾਨਣਾ ਪਾਇਆ। ਲੋਕ ਘੋਲਾਂ ਦੇ ਦਸਤਾਵੇਜ਼ੀ ਫੋਟੋ ਜਰਨਲਿਸਟ ਮੱਦੋਕੇ ਨੇ ਸਮਾਜਕ ਵਰਤਾਰਿਆਂ ਦੀ ਸਾਰਥਿਕ ਰਿਪੋਰਟਿੰਗ ਦੀ ਮਹੱਤਤਾ ਬੁਝਣ ਲਈ ਇਸ ਵੱਲੋਂ ਸਾਰਥਿਕ ਤਬਦੀਲੀ ’ਚ ਪਾਏ ਜਾਣ ਵਾਲੇ ਹਿੱਸੇ ਦੀ ਮਹੱਤਤਾ ਦੱਸੀ, ਉਥੇ ਪਦਮਸ੍ਰੀ ਸੁਧਾਰਕ ਓਲਵੇ ਨੇ ਦੇਸ਼ ਭਗਤ ਯਾਦਗਾਰ ਕੰਪਲੈਕਸ ਨੂੰ ਅਤੀਤ ਅਤੇ ਵਰਤਮਾਨ ਦੇ ਸੰਦਰਭ ’ਚ ਇਤਿਹਾਸ ਦਾ ਸਤੰਭ ਆਖਦਿਆਂ ਹੈਰਾਨੀ ਪ੍ਰਗਟਾਈ ਕਿ ਇਸ ਅਦਾਰੇ ਦੀ ਅਹਿਮੀਅਤ ਤਾਂ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਹੈ, ਪਰ ਇਸ ਤੋਂ ਦੇਸ਼ ਵਾਸੀ ਜਾਣੰੂ ਨਹੀਂ।
ਉਹਨਾਂ ਇਥੇ ਆਉਣ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਥੇ ਸਾਂਭਿਆ ਗਿਆ ਹਰ ਦਸਤਾਵੇਜ਼ ਅਤੇ ਦੇਸ਼ ਭਗਤਾਂ ਦੀਆਂ ਫੋਟੋਆਂ ਆਉਣ ਵਾਲੀਆਂ ਨਸਲਾਂ ਲਈ ਸੂਹਾ ਚਾਨਣ ਮੁਨਾਰਾ ਹੈ, ਜਿਸ ਨੂੰ ਵਰਕਸ਼ਾਪ ਸਿਖਿਆਰਥੀਆਂ ਦਾ ਕੈਮਰਾ ਸਾਂਭਣ ਦਾ ਹਰ ਸੰਭਵ ਯਤਨ ਕਰੇਗਾ। ਜ਼ਿਕਰਯੋਗ ਹੈ ਕਿ ਚੱਲ ਰਹੀ ਵਰਕਸ਼ਾਪ ’ਚ ਡਾ. ਨਵਸ਼ਰਨ ਨੇ ਫੋਨ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ, ਵਰਕਸ਼ਾਪ ਦੇ ਅਧਿਆਪਕਾਂ ਅਤੇ ਸਿਖਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ’ਤੇ ਦਿਲੀ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਸਿਖਿਆਰਥੀਆਂ ਨੇ ਪਹਿਲੇ ਦਿਨ ਹੀ ਵਰਕਸ਼ਾਪ ’ਚ ਡੂੰਘੀ ਦਿਲਚਸਪੀ ਲਈ। ਇਸ ਮੌਕੇ ‘ਵਾਕ ਵਿਦ ਕੈਮਰਾ’ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ।