ਚੰਡੀਗੜ੍ਹ : ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ ਐੱਮ ਸੀ ਐੱਚ-32) ’ਚ ਪਹਿਲੀ ਵਾਰ ਹਿਮਾਚਲ ਦੇ 71 ਸਾਲਾ ਬੀ ਐੱਸ ਠਾਕੁਰ ਦੀ ਟਰਾਂਸਕੇਥੀਟਰ ਐਓਰਟਿਕ ਵਾਲਵ ਰਿਪਲੇਸਮੈਂਟ (ਟੀ ਏ ਵੀ ਆਰ) ਤਕਨੀਕ ਨਾਲ ਦਿਲ ਦੀ ਸਰਜਰੀ ਕੀਤੀ ਗਈ। ਐਓਰਟਿਕ ਸਟੈਨੋਸਿਸ ਤੋਂ ਪੀੜਤ ਮਰੀਜ਼ਾਂ ਲਈ ਇਸ ਤਕਨੀਕ ਰਾਹੀਂ ਦਿਲ ਦੀ ਸਰਜਰੀ ਸ਼ੁਰੂ ਕੀਤੀ ਗਈ ਹੈ। ਇਹ ਸਰਜਰੀ ਕਾਰਡੀਓਲਾਜੀ ਵਿਭਾਗ ਦੇ ਡਾ. ਜੀਤ ਰਾਮ ਕਸ਼ਯਪ ਦੀ ਟੀਮ ਵੱਲੋਂ ਵਿਭਾਗ ਦੇ ਮੁਖੀ ਪ੍ਰੋਫੈਸਰ ਸ੍ਰੀਨਿਵਾਸ ਰੈੱਡੀ ਦੀ ਅਗਵਾਈ ਹੇਠ ਕੀਤੀ ਗਈ। ਇਹ ਓਪਨ ਹਾਰਟ ਤੋਂ ਬਿਨਾਂ ਸਫਲ ਸਰਜਰੀ ਕੀਤੀ ਗਈ। ਡਾਕਟਰਾਂ ਦੀ ਟੀਮ ’ਚ ਐਨਸਥੀਸੀਆ ਵਿਭਾਗ ਦੇ ਮੁਖੀ ਪ੍ਰੋਫੈਸਰ ਸੰਜੀਵ ਪਲਟਾ, ਡਾ. ਲਿਪੀ ਉੱਪਲ, ਡਾ. ਸਵਾਤੀ ਜਿੰਦਲ ਅਤੇ ਡਾ. ਸਿਧਾਰਥ ਗਰਗ ਸ਼ਾਮਲ ਸਨ। ਅਹਿਮਦਾਬਾਦ ਤੋਂ ਦਿਲ ਦੀ ਸਰਜਰੀ ਦੇ ਮਾਹਰ ਡਾ. ਅਭਿਸ਼ੇਕ ਰਾਜ ਪੋਪਟ ਟੀਮ ਨਾਲ ਸ਼ਾਮਲ ਹੋਏ। ਪਹਿਲਾਂ ਸਿਰਫ ਪੀ ਜੀ ਆਈ ਚੰਡੀਗੜ੍ਹ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਲਈ ਟੀ ਏ ਵੀ ਆਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਡਾ. ਜੀਤ ਰਾਮ ਕਸ਼ਯਪ ਨੇ ਦੱਸਿਆ ਕਿ ਟੀ ਏ ਵੀ ਆਰ ਤਕਨੀਕ ਬਜ਼ੁਰਗ ਮਰੀਜ਼ਾਂ ਲਈ ਬਹੁਤ ਵਧੀਆ ਹੈ। ਇਸ ਤਕਨੀਕ ਦਾ ਫਾਇਦਾ ਇਹ ਹੈ ਕਿ ਨਕਲੀ ਦਿਲ ਦਾ ਵਾਲਵ ਬਿਨਾਂ ਕਿਸੇ ਚੀਰੇ ਦੇ ਲਗਾਇਆ ਜਾਂਦਾ ਹੈ ਅਤੇ ਮਰੀਜ਼ ਜਲਦੀ ਠੀਕ ਹੋਣ ਤੋਂ ਬਾਅਦ ਘਰ ਜਾ ਸਕਦਾ ਹੈ। ਇਸ ਤਕਨੀਕ ਨੂੰ ਯੂਰਪ, ਅਮਰੀਕਾ ਦੇ ਡਾਕਟਰਾਂ ਵੱਲੋਂ ਕਾਫੀ ਤਰਜੀਹ ਦਿੱਤੀ ਜਾਂਦੀ ਹੈ, ਕਿਉਂਕਿ 50 ਪ੍ਰਤੀਸ਼ਤ ਮਰੀਜ਼ ਉਮਰ ਅਤੇ ਹੋਰ ਡਾਕਟਰੀ ਕਾਰਨਾਂ ਕਰਕੇ ਓਪਨ ਹਾਰਟ ਸਰਜਰੀ ਨਹੀਂ ਕਰਵਾ ਸਕਦੇ ਹਨ। ਵਾਈਸ ਚਾਂਸਲਰ ਡਾ. ਅਨੀਤਾ ਸਕਸੈਨਾ ਨੇ ਟੀਮ ਨੂੰ ਆਰਟੀਫੀਸ਼ੀਅਲ ਹਾਰਟ ਵਾਲਵ ਇੰਪਲਾਂਟ ਕਰਨ ’ਤੇ ਵਧਾਈ ਦਿੱਤੀ ਹੈ।