ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਜੁਆਇੰਟ ਡਾਇਰੈਕਟਰ ਜੀ ਐੱਸ ਟੀ ਆਬਕਾਰੀ ਵਿਭਾਗ ਪੰਜਾਬ, ਵਾਸੀ ਲੰਮਾ ਪਿੰਡ ਜਲੰਧਰ ਬਲਬੀਰ ਕੁਮਾਰ ਬਿਰਦੀ ਵੱਲੋਂ ਸਰਕਾਰੀ ਅਧਿਕਾਰੀ ਹੁੰਦਿਆਂ ਭਿ੍ਸ਼ਟਾਚਾਰ ਰਾਹੀਂ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮੁਹਾਲੀ ‘ਚ ਪਰਚਾ ਦਰਜ ਕੀਤਾ ਹੈ | ਵਿਜੀਲੈਂਸ ਅਨੁਸਾਰ ਅਧਿਕਾਰੀ ਨੇ ਪਹਿਲੀ ਮਈ 2007 ਤੋਂ 11 ਸਤੰਬਰ 2020 ਤੱਕ 5,12,51,688.37 ਰੁਪਏ ਖਰਚ ਕੀਤੇ, ਜਦੋਂ ਕਿ ਸਾਰੇ ਸਰੋਤਾਂ ਤੋਂ ਉਸ ਦੀ ਅਸਲ ਆਮਦਨ 2,08,84,863.37 ਰੁਪਏ ਬਣਦੀ ਹੈ | ਇਸ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ | ਉਸ ਨੂੰ ਗਿ੍ਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |