28.6 C
Jalandhar
Wednesday, June 7, 2023
spot_img

ਵਿਕਾਸ ਨਹੀਂ ਵਿਨਾਸ਼

ਓਹੀਓ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਅਜਿਹਾ ਮਾਡਲ ਤਿਆਰ ਕੀਤਾ ਹੈ, ਜਿਸ ਦੇ ਅਧਾਰ ‘ਤੇ ਪਤਾ ਲਾਇਆ ਜਾ ਸਕਦਾ ਹੈ ਕਿ ਕੋਈ ਦੇਸ਼ ਸੱਚੇ ਵਿਕਾਸ ਦੀ ਰਾਹ ਉੱਤੇ ਚੱਲ ਰਿਹਾ ਹੈ ਜਾਂ ਨਹੀਂ | ਸੱਚਾ ਵਿਕਾਸ ਉਹ ਵਿਕਾਸ ਹੁੰਦਾ ਹੈ, ਜਿਸ ਵਿੱਚ ਕੁਦਰਤੀ ਸੋਮਿਆਂ ਦੀ ਵਰਤੋਂ ਉਨ੍ਹਾਂ ਦੇ ਵਿਕਾਸ ਨਾਲੋਂ ਘੱਟ ਹੁੰਦੀ ਹੈ | ਇਸ ਵਿੱਚ ਸਾਧਨਾਂ ਦੀ ਵਰਤੋਂ ਰਾਹੀਂ ਪੈਦਾ ਹੁੰਦੇ ਪ੍ਰਦੂਸ਼ਣ ਤੇ ਗਰੀਨ ਹਾਊਸ ਗੈਸਾਂ ਦਾ ਪ੍ਰਬੰਧ ਇਸ ਤਰ੍ਹਾਂ ਕੀਤਾ ਜਾਂਦਾ ਹੈ, ਜਿਸ ਨਾਲ ਕੁਦਰਤੀ ਸੋਮਿਆਂ ਤੇ ਵਾਤਾਵਰਨ ਉੱਤੇ ਇਸ ਦਾ ਕੋਈ ਅਸਰ ਨਾ ਪਵੇ | ਓਹੀਓ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਕੁੱਲ 178 ਦੇਸ਼ਾਂ ਦੇ ਵਿਕਾਸ ਦੀ ਪੜਤਾਲ ਕਰਕੇ ਦੱਸਿਆ ਕਿ ਇਨ੍ਹਾਂ ਵਿੱਚੋਂ ਸਿਰਫ਼ 6 ਫ਼ੀਸਦੀ ਤੋਂ ਵੀ ਘੱਟ ਦੇਸ਼ ਆਪਣੀ ਜਨਤਾ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਕਰਾਉਣ ਦੇ ਬਾਅਦ ਵੀ ਜਲ ਸੋਮਿਆਂ ਅਤੇ ਗਰੀਨ ਹਾਊਸ ਗੈਸਾਂ ਦਾ ਵਾਤਾਵਰਨ ਪੱਖੀ ਪ੍ਰਬੰਧ ਕਰ ਰਹੇ ਹਨ, ਭਾਵ ਸਹੀ ਅਰਥਾਂ ਵਿੱਚ ਸੱਚਾ ਵਿਕਾਸ ਕਰ ਰਹੇ ਹਨ |
‘ਵਨ ਅਰਥ’ ਨਾਮਕ ਰਸਾਲੇ ਵਿੱਚ ਪ੍ਰਕਾਸ਼ਤ ਇਸ ਅਧਿਐਨ ਮੁਤਾਬਕ ਬਹੁਤੇ ਦੇਸ਼ ਆਪਣੀ ਜਨਤਾ ਨੂੰ ਲੋੜੀਂਦੇ ਖਾਧ ਪਦਾਰਥ, ਊਰਜਾ ਤੇ ਪਾਣੀ ਦੀ ਪੂਰਤੀ ਲਈ ਕੁਦਰਤੀ ਸੋਮਿਆਂ ਦੀ ਉਨ੍ਹਾਂ ਦੀ ਮੁੜ ਵਿਕਾਸ ਸਮਰੱਥਾ ਤੋਂ ਵੱਧ ਵਰਤੋਂ ਕਰ ਰਹੇ ਹਨ | ਇਨ੍ਹਾਂ 178 ਦੇਸ਼ਾਂ ਵਿੱਚੋਂ 67 ਫ਼ੀਸਦੀ ਦੇਸ਼ ਜਲ ਸੋਮਿਆਂ ਦੀ ਵਾਤਾਵਰਨ ਪੱਖੀ ਵਰਤੋਂ ਕਰ ਰਹੇ ਹਨ, ਪਰ ਸਿਰਫ਼ 9 ਫ਼ੀਸਦੀ ਹੀ ਗਰੀਨ ਹਾਊਸ ਗੈਸਾਂ ਦੇ ਪੈਦਾ ਹੋਣ ਨੂੰ ਘੱਟ ਕਰਨ ਲਈ ਕਦਮ ਚੁੱਕ ਰਹੇ ਹਨ | ਅਮਰੀਕਾ ਵਰਗੇ ਸਮਰੱਥ ਦੇਸ਼ ਵੀ ਜਲ ਪ੍ਰਬੰਧਨ ਵਿੱਚ ਤਾਂ ਅੱਗੇ ਹਨ, ਪਰ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ ਨੂੰ ਘੱਟ ਕਰਨ ਲਈ ਕੋਈ ਦਿਲਚਸਪੀ ਨਹੀਂ ਲੈ ਰਹੇ |
ਇਸ ਅਧਿਐਨ ਦੀ ਮੁੱਖ ਲੇਖਿਕਾ ਪ੍ਰੋਫ਼ੈਸਰ ਭਾਵਿਕ ਬਖਸ਼ੀ ਅਨੁਸਾਰ, ਹੁਣ ਸਮਾਂ ਆ ਗਿਆ ਹੈ ਜਦੋਂ ਸਭ ਦੇਸ਼ਾਂ ਨੂੰ ਵਾਤਾਵਰਨ ਨਾਲ ਜੁੜੇ ਮੁੱਦਿਆਂ ਉੱਤੇ ਸਵੈ-ਨਿਰਭਰ ਹੋਣਾ ਪਵੇਗਾ ਤੇ ਨਾਲ ਦੀ ਨਾਲ ਜਨਤਾ ਨੂੰ ਵੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣੀਆਂ ਪੈਣਗੀਆਂ | ਬਹੁਤੇ ਦੇਸ਼ ਬੁਨਿਆਦੀ ਸਹੂਲਤਾਂ ਤਾਂ ਦੇ ਰਹੇ ਹਨ, ਪਰ ਉਸ ਦੇ ਅਨੁਪਾਤ ਤੋਂ ਵੱਧ ਵਾਤਾਵਰਨ ਤੇ ਕੁਦਰਤੀ ਸੋਮਿਆਂ ਦੀ ਤਬਾਹੀ ਕਰ ਰਹੇ ਹਨ |
ਬਹੁਤੇ ਦੇਸ਼ਾਂ ਵਿੱਚ ਜਨਤਾ ਨੂੰ ਬੁਨਿਆਦੀ ਸਹੂਲਤਾਂ ਕੁਦਰਤੀ ਸੋਮਿਆਂ ਨੂੰ ਬਚਾ ਕੇ ਵੀ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ, ਪਰ ਸਰਕਾਰੀ ਨੀਤੀਆਂ ਤੇ ਇੱਛਾ-ਸ਼ਕਤੀ ਦੀ ਘਾਟ ਕਾਰਨ ਅਜਿਹਾ ਨਹੀਂ ਹੁੰਦਾ | ਗਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਲਈ ਜੰਗਲਾਂ ਤੇ ਦਰੱਖਤਾਂ ਦਾ ਹੋਣਾ ਜ਼ਰੂਰੀ ਹੈ, ਪਰ 37 ਫ਼ੀਸਦੀ ਦੇਸ਼ਾਂ, ਜੋ ਮੱਧ ਪੂਰਬ, ਉੱਤਰੀ ਅਫ਼ਰੀਕਾ ਤੇ ਅਫ਼ਰੀਕਾ ਦੇ ਸਹਾਰਾ ਖੇਤਰ ਵਿੱਚ ਮੌਜੂਦ ਹਨ, ‘ਚ ਰੇਗਿਸਤਾਨੀ ਧਰਤੀ ਕਾਰਨ ਉੱਥੇ ਦਰੱਖਤ ਤੇ ਜੰਗਲ ਨਹੀਂ ਹੋ ਸਕਦੇ | ਦੁਨੀਆ ਦੇ ਸਿਰਫ਼ 10 ਫ਼ੀਸਦੀ ਦੇਸ਼ ਅਜਿਹੇ ਹਨ, ਜਿਥੇ ਜਲ ਸੋਮੇ ਏਨੇ ਘੱਟ ਹਨ ਕਿ ਨਾਗਰਿਕਾਂ ਦੀ ਪਾਣੀ ਦੀ ਅਹਿਮ ਲੋੜ ਵੀ ਪੂਰੀ ਨਹੀਂ ਹੁੰਦੀ |
ਮਾਨਵ ਵਿਕਾਸ ਦਾ ਵਾਤਵਰਨ ਮੁੱਲ ਵਧਦਾ ਜਾ ਰਿਹਾ ਹੈ | ਵਿਕਾਸ ਦੇ ਨਾਂਅ ‘ਤੇ ਸਭ ਤੋਂ ਪਹਿਲਾਂ ਵਾਤਾਵਰਨ ਦੀ ਹੀ ਤਬਾਹੀ ਹੁੰਦੀ ਹੈ | ਇਸ ਨਾਲ ਵਿਕਾਸ ਦਾ ਆਰਥਕ ਮੁੱਲ ਵਧ ਜਾਂਦਾ ਹੈ | ਮੁੜ ਨਵਿਆਉਣ ਯੋਗ ਊਰਜਾ, ਬਨਸਪਤੀ ਅਧਾਰਤ ਭੋਜਨ ਤੇ ਕਚਰਾ ਮੈਨੇਜਮੈਂਟ ਨਾਲ ਸੰਬੰਧਤ ਆਰਥਕਤਾ ਨੂੰ ਵਧਾ ਕੇ ਹੀ ਅਬਾਦੀ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ, ਇਸ ਨਾਲ ਵਾਤਾਵਰਨ ਵੀ ਸੁਰੱਖਿਅਤ ਰਹੇਗਾ |

Related Articles

LEAVE A REPLY

Please enter your comment!
Please enter your name here

Latest Articles