ਖੰਨਾ (ਸੁਖਵਿੰਦਰ ਸਿੰਘ ਭਾਦਲਾ,
ਪਰਮਿੰਦਰ ਸਿੰਘ ਮੋਨੂੰ)
ਅਵਨੀਤ ਕੌਂਡਲ ਸੀਨੀਅਰ ਪੁਲਸ ਕਪਤਾਨ ਖੰਨਾ ਨੇ ਦੱਸਿਆ ਕਿ ਖੰਨਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ 4 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਕੋਲੋਂ 8 ਪਿਸਤੌਲਾਂ ਦੀ ਬਰਾਮਦਗੀ ਕੀਤੀ ਗਈ। ਉਨ੍ਹਾ ਦੱਸਿਆ ਕਿ ਮੰਜੀ ਸਾਹਿਬ ਕੋਟਾਂ ਬੀਜਾ ਪੁਲ ਹੇਠਾਂ ਐੱਸ ਐੱਚ ਓ ਸਦਰ ਹਰਦੀਪ ਸਿੰਘ ਪੁਲਸ ਪਾਰਟੀ ਸਮੇਤ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਉਸ ਸਮੇਂ ਉਨ੍ਹਾ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਚਾਰ-ਪੰਜ ਵਿਅਕਤੀ ਵੈਨਿਊ ਕਾਰ ਪੀ ਬੀ 18 ਐੱਕਸ 8135 ਵਿਚ ਸਵਾਰ ਹੋ ਕੇ ਦਿੱਲੀ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੇ ਹਨ, ਜਿਨ੍ਹਾਂ ਕੋਲ ਗੈਰ-ਕਨੂੰਨੀ ਅਸਲਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਜੀ ਟੀ ਰੋਡ ਪਿੰਡ ਮੰਡਿਆਲਾ ਕਲਾਂ ਨੇੜੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਦਿੱਲੀ ਵੱਲੋਂ ਆ ਰਹੀ ਵੈਨਿਊ ਕਾਰ ਨੂੰ ਰੋਕਿਆ ਤਾਂ ਉਸ ਵਿੱਚ ਚਾਰ ਵਿਅਕਤੀ ਬੈਠੇ ਸਨ। ਪੁਲਸ ਪਾਰਟੀ ਵੱਲੋਂ ਪੁੱਛਣ ’ਤੇ ਉਨ੍ਹਾਂ ਆਪਣਾ ਨਾਂਅ ਹਰਦੇਵ ਉਰਫ ਸਿੰਘ ਪੁੱਤਰ ਜੋਗਿੰਦਰ ਸਿੰਘ, ਰਵਿੰਦਰਪਾਲ ਪੁੱਤਰ ਗੁਰਮੀਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਪੁਰੀਆਂ ਕਲਾਂ, ਥਾਣਾ ਸਦਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਧਰਮਪ੍ਰੀਤ ਸਿੰਘ ਉਰਫ ਮੋਟਾ ਪੁੱਤਰ ਮੱਸਾ ਸਿੰਘ ਵਾਸੀ ਪਿੰਡ ਚਿੱਤ, ਥਾਣਾ ਸਦਰ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੱਸਿਆ। ਤਲਾਸ਼ੀ ਦੌਰਾਨ ਇਹਨਾਂ ਕੋਲੋਂ ਇਕ-ਇਕ ਪਿਸਤੌਲ ਸਮੇਤ ਮੈਗਜ਼ੀਨ ਕੁਲ ਤਿੰਨ ਪਿਸਤੌਲ 32 ਬੋਰ ਸਮੇਤ ਤਿੰਨ ਖਾਲੀ ਮੈਗਜ਼ੀਨ ਬਰਾਮਦ ਕੀਤੇ। ਉਕਤ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਹਰਦੇਵ ਸਿੰਘ ਦਾ ਸੰਬੰਧ ਪਵਿੱਤਰ ਹੁਸਨ ਦੀਪ ਗੈਂਗ ਨਾਲ ਹੈ, ਜੋ ਕਿ ਅੰਮਿ੍ਰਤਸਰ ਜੇਲ੍ਹ ਵਿੱਚ ਮਿਲੇ ਸਨ। ਇਸ ਤੋਂ ਬਾਅਦ ਹਰਦੇਵ ਸਿੰਘ ਨੇ ਅਸਲੇ ਦੀ ਅੰਤਰਰਾਜੀ ਸਪਲਾਈ ਸ਼ੁਰੂ ਕਰ ਦਿੱਤੀ ਅਤੇ ਵੱਡੇ ਪੱਧਰ ’ਤੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ। ਇਸ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਐੱਨ ਡੀ ਪੀ ਐਸ ਐਕਟ ਅਧੀਨ ਮੁਕੱਦਮੇ ਦਰਜ ਹਨ। ਇਹ ਕਾਫੀ ਸਮੇਂ ਤੋਂ ਇਹਨਾਂ ਮੁਕੱਦਮਿਆਂ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਰਵਿੰਦਰਪਾਲ ਸਿੰਘ ਦਰਮਨ ਕਾਹਲੋਂ ਗਰੁੱਪ ਦਾ ਖਾਸ ਗੁਰਗਾ ਹੈ, ਜਿਸ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਐੱਨ ਡੀ ਪੀ ਐੱਸ ਅਸਲਾ ਐਕਟ ਅਤੇ ਇਰਾਦਾ ਕਤਲ ਤਹਿਤ ਮੁਕੱਦਮੇ ਦਰਜ ਹਨ। ਰਵਿੰਦਰ ਪਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਤਿੰਨ ਪਿਸਤੌਲ 32 ਬੋਰ, ਪੰਜ ਮੈਗਜ਼ੀਨ ਅਤੇ 3 ਜ਼ਿੰਦਾ ਰੌਂਦ ਉਸ ਦੇ ਖੇਤਾਂ ਵਿੱਚ ਬਣੇ ਡੇਰੇ ਤੋਂ ਬਰਾਮਦ ਕੀਤੇ ਹਨ। ਰਵਿੰਦਰ ਸਿੰਘ ਨੇ ਇਹ ਪਿਸਤੌਲ ਇੰਦੌਰ ਜੇਲ੍ਹ ਵਿੱਚ ਬੰਦ ਉਸ ਦੇ ਇਕ ਸਾਥੀ ਰਾਹੀਂ ਖਰੀੇਦੇ ਸਨ। ਉਸ ਨੂੰ ਵੀ ਜੇਲ੍ਹ ਵਿਚੋਂ ਲਿਆ ਕੇ ਮੁਕੱਦਮੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਉਸ ਦੀ ਨਿਸ਼ਾਨਦੇਹੀ ’ਤੇ ਦੋ ਪਿਸਤੌਲ 32 ਬੋਰ, ਪੰਜ ਮੈਗਜ਼ੀਨ, 2 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।