ਨਵੀਂ ਦਿੱਲੀ : ਕੇਂਦਰ ਦੇ ਆਰਡੀਨੈਂਸ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾ ਕਿਹਾ ਕਿ ਕੇਂਦਰ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਆਰਡੀਨੈਂਸ ਲਿਆ ਕੇ ਅਸੀਂ ਸੁਪਰੀਮ ਕੋਰਟ ਦੇ ਆਦੇਸ਼ ਨੂੰ ਪਲਟ ਦਿਆਂਗੇ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੀ ਇਹ ਸੋਚੀ-ਸਮਝੀ ਸਾਜ਼ਿਸ਼ ਹੈ। ਇਸ ਆਰਡੀਨੈਂਸ ਦੀ ਟਾਈਮਿੰਗ ਵੀ ਪਲਾਟ ਦੇ ਤਹਿਤ ਸੀ। ਉਨ੍ਹਾ ਨੂੰ ਵੀ ਪਤਾ ਸੀ ਕਿ ਅਸੀਂ ਇਸ ਆਰਡੀਨੈਂਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵਾਂਗੇ। ਕੇਂਦਰ ਸਰਕਾਰ ਅਤੇ ਉਪ ਰਾਜਪਾਲ ਕੋਰਟ ਦੇ ਬੰਦ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਇਹ ਪਹਿਲਾਂ ਕਿਉਂ ਨਹੀਂ ਲਿਆਂਦਾ? ਇਹ ਆਰਡੀਨੈਂਸ ਪੂਰੀ ਤਰ੍ਹਾਂ ਗੈਰਕਾਨੂੰਨੀ ਅਤੇ ਜਨਤੰਤਰ ਖਿਲਾਫ਼ ਹੈ। ਕੇਜਰੀਵਾਲ ਨੇ ਕਿਹਾਅਸੀਂ ਤਾਂ ਬਹੁਤ ਛੋਟੇ ਲੋਕ ਹਾਂ। ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਚੈਲੰਜ ਕਰ ਰਹੀ ਹੈ ਕਿ ਤੁਸੀਂ ਜੋ ਮਰਜ਼ੀ ਆਦੇਸ਼ ਦੇ ਦਿਓ, ਅਸੀਂ ਉਸ ਨੂੰ ਬਦਲ ਦਿਆਂਗੇ। ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ, ਪਰ ਮੋਦੀ ਸਰਕਾਰ ਹਮੇਸ਼ਾ ਸਾਡੀ ਸਰਕਾਰ ਨੂੰ ਰੋਕਣ ਦਾ ਕੰਮ ਕਰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵਾਰ-ਵਾਰ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੀਦੀ ਹੈ, ਪਰ ਇਨ੍ਹਾਂ ਵਾਰ-ਵਾਰ ਆਮ ਆਦਮੀ ਪਾਰਟੀ ਨੂੰ ਕੰਮ ਕਰਨ ਤੋਂ ਰੋਕਿਆ।



