21.1 C
Jalandhar
Friday, April 19, 2024
spot_img

‘ਅਗਨੀਪੱਥ’ ਦੇ ਵਿਰੋਧ ‘ਚ ਪੂਰਾ ਦੇਸ਼ ਧੁਖ ਰਿਹਾ

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰ ਦੀ ਅਗਨੀਪੱਥ ਯੋਜਨਾ ਖਿਲਾਫ਼ ਪੂਰੇ ਦੇਸ਼ ‘ਚ ਪ੍ਰਦਰਸ਼ਨਾਂ ਦਾ ਸ਼ਨੀਵਾਰ ਚੌਥਾ ਦਿਨ ਸੀ | ਇਸ ਯੋਜਨਾ ਖਿਲਾਫ ਸ਼ਨੀਵਾਰ ਹਰਿਆਣਾ ਤੇ ਪੰਜਾਬ ‘ਚ ਵੀ ਰੋਸ ਪ੍ਰਦਰਸ਼ਨ ਹੋਏ | ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਦੇ ਮਹਿੰਦਰਗੜ੍ਹ ਰੇਲਵੇ ਸਟੇਸ਼ਨ ਦੇ ਬਾਹਰ ਇਕ ਵਾਹਨ ਨੂੰ ਅੱਗ ਲਾ ਦਿੱਤੀ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਚ 50 ਮੁਜ਼ਾਹਰਾਕਾਰੀ ਦਾਖਲ ਹੋ ਗਏ ਤੇ ਰੇਲਵੇ ਦੀ ਸੰਪਤੀ ਦੀ ਭੰਨਤੋੜ ਕੀਤੀ | ਪ੍ਰਦਰਸ਼ਨਕਾਰੀਆਂ ਨੇ ਖਿੜਕੀਆਂ ਦੇ ਸ਼ੀਸ਼ੇ ਭੰਨੇ ਅਤੇ ਟਿਕਟ ਕਾਊਾਟਰ ਨੂੰ ਵੀ ਨੁਕਸਾਨ ਪਹੁੰਚਾਇਆ |
ਪਟਨਾ ਦੇ ਮਸੌੜੀ ‘ਚ ਤਾਰਗੇਨਾ ਸਟੇਸ਼ਨ ਕੋਲ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਜੰਮ ਕੇ ਝੜਪ ਹੋਈ | ਪੁਲਸ ਦਾ ਕਹਿਣਾ ਹੈ ਕਿ ਸਟੇਸ਼ਨ ਦੀ ਪਾਰਕਿੰਗ ‘ਚ ਖੜੀਆਂ ਗੱਡੀਆਂ ਨੂੰ ਨੌਜਵਾਨਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ | ਨੌਜਵਾਨਾਂ ‘ਤੇ ਕਾਬੂ ਪਾਉਣ ਲਈ ਪੁਲਸ ਨੇ ਕਈ ਰੌਂਦ ਫਾਇਰਿੰਗ ਕੀਤੀ | ਦੱਸਿਆ ਜਾ ਰਿਹਾ ਹੈ ਕਿ ਮਸੌੜੀ ‘ਚ ਸਵੇਰੇ 8 ਵਜੇ ਕੋਚਿੰਗ ਤੋਂ ਛੁੱਟੀ ਤੋਂ ਬਾਅਦ ਵਿਦਿਆਰਥੀ ਸਟੇਸ਼ਨ ‘ਤੇ ਇਕੱਠੇ ਹੋਣ ਲੱਗੇ | ਸਟੇਸ਼ਨ ਮਾਸਟਰ ਦਫਤਰ ਅਤੇ ਬੁਕਿੰਗ ਕਾਊਾਟਰ ਨੂੰ ਫੂਕ ਦਿੱਤਾ | ਗੱਡੀਆਂ ‘ਚ ਵੀ ਤੋੜਫੋੜ ਕੀਤੀ | ਇਸ ਦੇ ਵਿਰੋਧ ‘ਚ ਪੁਲਸ ਨੇ 100 ਤੋਂ ਜ਼ਿਆਦਾ ਗੋਲੀਆਂ ਚਲਾਈਆਂ | ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੁਣ ਬਿਹਾਰ ‘ਚ ਪੂਰਬ-ਮੱਧ ਰੇਲ ਖੇਤਰ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ 18 ਜੂਨ ਤੋਂ 20 ਜੂਨ ਤੱਕ ਰਾਤ 8 ਵਜੇ ਤੋਂ ਸਵੇਰੇ 4 ਵਜੇ ਤੱਕ ਹੀ ਚੱਲਣਗੀਆਂ |
ਅਗਨੀਪੱਥ ਯੋਜਨਾ ਦੇ ਚੌਥੇ ਦਿਨ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ | ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਸਮੇਤ ਕਈ ਸੂਬਿਆਂ ‘ਚ ਵਿਰੋਧ ਪ੍ਰਦਰਸ਼ਨ ਪ੍ਰਚੰਡ ਹੋ ਗਿਆ ਹੈ | ਰਾਜਸਥਾਨ ‘ਚ ਸ਼ਨੀਵਾਰ ਕਈ ਜ਼ਿਲਿ੍ਹਆਂ ‘ਚ ਨੌਜਵਾਨਾਂ ਨੇ ਵੱਡੀ ਗਿਣਤੀ ‘ਚ ਪ੍ਰਦਰਸ਼ਨ ਕੀਤਾ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਪ ਹੋ ਗਈ | ਅਲਵਰ ਜ਼ਿਲ੍ਹੇ ਦੇ ਬਹਿਰੋਡ ‘ਚ ਸੈਂਕੜਿਆਂ ਦੀ ਗਿਣਤੀ ‘ਚ ਫੌਜੀ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੇ ਜੈਪੁਰ-ਦਿੱਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ | ਹਾਈਵੇ ਦੇ ਵੱਖ-ਵੱਖ ਹਿੱਸਿਆਂ ‘ਤੇ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਕੀਤੀ ਗਈ ਹੈ |
ਬਿਹਾਰ ਦੇ ਜਹਾਨਾਬਾਦ ‘ਚ ਪ੍ਰਦਰਸ਼ਨਕਾਰੀਆਂ ਨੇ ਇੱਕ ਟਰੱਕ ਅਤੇ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਉਥੇ ਹੀ ਉਤਰ ਪ੍ਰਦੇਸ਼ ਦੇ ਜੌਨਪੁਰ ‘ਚ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ |
ਇਸ ਦੌਰਾਨ ਸ਼ਨੀਵਾਰ ਸਵੇਰੇ ਜਲੰਧਰ ਦੇ ਰਾਮਾ ਮੰਡੀ ਚੌਕ ‘ਚ ਨੌਜਵਾਨ ਇਕੱਠੇ ਹੋਏ ਤੇ ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਕੇ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ | ਇਹ ਨੌਜਵਾਨ ਨਾਅਰੇ ਮਾਰਦੇ ਹੋਏ ਪੀ ਏ ਪੀ ਚੌਕ ਤੱਕ ਪਹੁੰਚ ਗਏ ਅਤੇ ਸੜਕ ਦੇ ਇਕ ਪਾਸੇ ਧਰਨਾ ਲਾ ਦਿੱਤਾ | ਇਸ ਮੌਕੇ ਅੰਮਿ੍ਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਆਵਾਜਾਈ ਰੋਕੀ ਗਈ | ਇਸ ਤਰ੍ਹਾਂ ਲੁਧਿਆਣਾ ‘ਚ ਅਗਨੀਪੱਥ ਯੋਜਨਾ ਦੇ ਵਿਰੋਧ ‘ਚ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ‘ਤੇ ਭੰਨਤੋੜ ਕੀਤੀ |
ਹਾਲਾਤ ਨੂੰ ਦੇਖਦੇ ਹੋਏ ਉਥੇ ਪੁਲਸ ਤਾਇਨਾਤ ਕੀਤੀ ਗਈ ਹੈ | ਪੁਲਸ ਨੇ ਰੇਲਵੇ ਸਟੇਸ਼ਨ ‘ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਖੰਗਾਲੀ | ਪੁਲਸ ਨੇ ਸੀ ਸੀ ਟੀ ਵੀ ਦੇ ਆਧਾਰ ‘ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ | ਪੁਲਸ ਅਨੁਸਾਰ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਫੌਜ ਵਿੱਚ ਭਰਤੀ ਸੰਬੰਧੀ ਪਹਿਲਾਂ ਵਾਲੀ ਹੀ ਨੀਤੀ ਹੀ ਅਪਣਾਈ ਜਾਵੇ |
ਹਾਵੜਾ ਅਤੇ ਪੱਛਮੀ ਬੰਗਾਲ ਦੇ ਹੋਰ ਸਟੇਸ਼ਨਾਂ ਤੋਂ ਸ਼ਨੀਵਾਰ ਨੂੰ ਰਵਾਨਾ ਹੋਣ ਵਾਲੀਆਂ ਦੋ ਸ਼ਤਾਬਦੀ ਤੇ ਐੱਕਸਪ੍ਰੈੱਸ ਗੱਡੀਆਂ ਸਮੇਤ 13 ਰੇਲ ਗੱਡੀਆਂ ਨੂੰ ਅਗਨੀਪੱਥ ਦੇ ਵਿਰੋਧ ਪ੍ਰਦਰਸ਼ਨ ਕਾਰਨ ਰੱਦ ਕਰ ਦਿੱਤਾ ਗਿਆ |
ਅਗਨੀਪੱਥ ਯੋਜਨਾ ਦਾ ਵਿਰੋਧ ਹੁਣ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਹੈ | ਸੁਪਰੀਮ ਕੋਰਟ ‘ਚ ਅਰਜ਼ੀ ਦਾਖ਼ਲ ਕਰਕੇ ਫੌਜ ‘ਚ ਭਰਤੀ ਦੀ ਇਸ ਯੋਜਨਾ ਦੀ ਮਾਹਰ ਕਮੇਟੀ ਕੋਲੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ | ਅਰਜ਼ੀ ‘ਚ ਕਿਹਾ ਗਿਆ ਕਿ ਇਸ ਕਮੇਟੀ ਦਾ ਚੇਅਰਮੈਨ ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਨੂੰ ਬਣਾਇਆ ਜਾਣਾ ਚਾਹੀਦਾ ਹੈ | ਕਮੇਟੀ ਵੱਲੋਂ ਇਹ ਸਮੀਖਿਆ ਹੋਣੀ ਚਾਹੀਦੀ ਕਿ ਇਹ ਭਰਤੀ ਯੋਜਨਾ ਫੌਜ ਅਤੇ ਦੇਸ਼ ਦੀ ਸੁਰੱਖਿਆ ‘ਤੇ ਕੀ ਅਸਰ ਪਾਵੇਗੀ |

Related Articles

LEAVE A REPLY

Please enter your comment!
Please enter your name here

Latest Articles