ਲੁਧਿਆਣਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਨੇ ਜਥੇਬੰਦੀ ਦੇ ਵਿੱਛੜੇ ਆਗੂ ਅਤੇ ਬਾਨੀ ਪ੍ਰਧਾਨ ਐੱਚ ਐੱਸ ਪਰਮਾਰ ਦੀ ਨਿੱਘੀ ਯਾਦ ਵਿੱਚ ਉਨ੍ਹਾ ਦੇ ਜਨਮ ਦਿਨ ਨੂੰ ਸਮਰਪਿਤ ਐਤਵਾਰ ਤੀਸਰਾ ਸੂਬਾ ਪੱਧਰ ਦਾ ਸਿਧਾਂਤਕ ਟਰੇਡ ਯੂਨੀਅਨ ਸਕੂਲ ਜੋਧਾਂ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਲਗਾਇਆ। ਇਸ ਵਿੱਚ ਸਾਰੇ ਪੰਜਾਬ ਤੋ 123 ਆਗੂਆਂ ਨੇ ਭਰਵੀਂ ਸਮੂਲੀਅਤ ਕੀਤੀ। ਟਰੇਡ ਯੂਨੀਅਨ ਸਕੂਲ ਦੀ ਸ਼ੁਰੂਆਤ ਤੋਂ ਪਹਿਲਾਂ ਉਦਘਾਟਨੀ ਭਾਸ਼ਣ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਨੇ ਕਰਦਿਆਂ ਐੱਚ ਐੱਸ ਪਰਮਾਰ ਵੱਲੋਂ ਮਜ਼ਦੂਰ ਜਮਾਤ ਲਈ ਆਪਣੇ ਜੀਵਨ ਵਿੱਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ।
ਪੰਜਾਬ ਏਟਕ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਲੰਮੇ ਭਾਸ਼ਣ ਰਾਹੀਂ ਸਰਮਾਏਦਾਰੀ ਪ੍ਰਬੰਧ ਹੇਠ ਹਾਕਮ ਜਮਾਤਾਂ ਵੱਲੋਂ ਮਿਹਨਤਕਸ਼ ਜਮਾਤ ਦੇ ਹਿੱਸੇ ਦੀ ਪੂੰਜੀ ਚੰਦ ਘਰਾਣਿਆਂ ਦੀਆਂ ਸੁੱਖ-ਸਹੂਲਤਾਂ ਲਈ ਲੁਟਾਉਣ ਦੀ ਮਜ਼ਦੂਰ ਵਿਰੋਧੀ ਵਿਧੀ ’ਤੇ ਚਾਨਣਾ ਪਾ ਕੇ ਸਾਥੀ ਪਰਮਾਰ ਦੀਆਂ ਪਾਈਆਂ ਪੈੜਾਂ ’ਤੇ ਚੱਲ ਕੇ ਸੰਘਰਸਾਂ ਰਾਹੀਂ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ।
ਪੰਜਾਬ ਏਟਕ ਦੇ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਨੇ ਆਗੂਆਂ ਨੂੰ ਜਥੇਬੰਦੀ ਦੇ ਸ਼ਾਨਾਮੱਤੇ ਇਤਿਹਾਸ ਤੋ ਜਾਣੂ ਕਰਵਾ ਕੇ ਸੰਘਰਸ਼ਾਂ ਰਾਹੀਂ ਪ੍ਰਾਪਤੀਆਂ ਕਰਨ ਦੇ ਗੁਰ ਸਿਖਾਏ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸਰਪ੍ਰਸਤ ਚਰਨ ਸਿੰਘ ਸਰਾਭਾ ਨੇ ਹਾਕਮ ਜਮਾਤਾਂ ਵੱਲੋਂ ਪੂੰਜੀਪਤੀਆਂ ਦੇ ਦਬਾਅ ਹੇਠ ਸਰਕਾਰੀ ਅਦਾਰਿਆਂ ਨੂੰ ਨਵੀਂਆਂ ਨੀਤੀਆਂ ਧੜੱਲੇ ਨਾਲ ਲਾਗੂ ਕਰਕੇ ਅੰਦਰੋਂ ਖੋਖਲੇ ਕਰਨ ਦੀਆਂ ਸ਼ਾਤਰ ਚਾਲਾਂ ਨੂੰ ਸਮਝਣ ’ਤੇ ਜ਼ੋਰ ਦਿੱਤਾ।
ਪਾਵਰਕਾਮ/ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਕਾਮਰੇਡ ਪਰਮਾਰ ਨਾਲ ਜੁੜੀਆਂ ਯਾਦਾਂ ਹਾਜ਼ਰੀਨ ਨਾਲ ਸਾਂਝੀਆਂ ਕਰਦੇ ਹੋਏ ਉਹਨਾ ਵੱਲੋਂ ਆਪਣੇ ਜੀਵਨ ਵਿੱਚ ਜਥੇਬੰਦੀ ਦੇ ਝੰਡੇ ਹੇਠ ਬਿਜਲੀ ਕਾਮਿਆਂ ਨੂੰ ਲਾਮਬੰਦ ਕਰਕੇ ਕੀਤੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ। ਜਥੇਬੰਦੀ ਦੀ ਸੂਬਾ ਕਮੇਟੀ ਦੇ ਆਗੂਆਂ ਸਰਿੰਦਰਪਾਲ ਸਿੰਘ ਲਹੌਰੀਆ, ਗੁਰਵਿੰਦਰ ਸਿੰਘ , ਪ੍ਰਦਿਊਮਣ ਗੌਤਮ, ਬਲਵਿੰਦਰ ਸਿੰਘ ਉਦੀਪੁਰ, ਬਲਜੀਤ ਕੁਮਾਰ, ਗੁਰਧਿਆਨ ਸਿੰਘ, ਰਛਪਾਲ ਸਿੰਘ ਪਾਲੀ, ਕਰਤਾਰ ਸਿੰਘ ਤੇ ਬਲਜਿੰਦਰ ਕੌਰ ਡਿਆਲ ਨੇ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਵਿਭਾਗ ਵਿੱਚ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਵਧ ਰਹੇ ਕੰਮ ਦੇ ਭਾਰ ਦੇ ਮੱਦੇਨਜ਼ਰ ਤੁਰੰਤ ਰੈਗੂਲਰ ਤੌਰ ’ਤੇ ਭਰੀਆਂ ਜਾਣ। ਮੁਲਾਜ਼ਮ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੋਲੋਂ ਕੀਤੇ ਵਾਅਦੇ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਮੇਤ ਸਾਰੇ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਕਰਦੇ ਹੋਏ ਸੀ ਆਰ ਏ 295/ 19 ਰਾਹੀਂ ਭਰਤੀ ਹੋਏ ਸਹਾਇਕ ਲਾਈਨਮੈਨਾਂ ’ਤੇ ਦਰਜ ਮੁਕੱਦਮੇ ਵਾਪਸ ਲੈ ਕੇ ਉਹਨਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਪਾਵਰਕਾਮ/ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਚਮਕੌਰ ਸਿੰਘ, ਕੇਵਲ ਸਿੰਘ ਬਨਵੈਤ, ਜਗਦੇਵ ਸਿੰਘ ਬਾਹੀਆ, ਬਲਬੀਰ ਸਿੰਘ ਮਾਨ, ਮਨਜੀਤ ਸਿੰਘ ਮਨਸੂਰਾਂ , ਗੁਰਮੇਲ ਸਿੰਘ ਨਾਹਰ ਤੋਂ ਇਲਾਵਾ ਗੁਰਮੇਲ ਸਿੰਘ ਮੈਡਲੇ ਨੇ ਵੀ ਹਿੱਸਾ ਲਿਆ। ਸਮਾਗਮ ਦੇ ਅਖੀਰ ’ਤੇ ਜਥੇਬੰਦੀ ਦੀ ਸੂਬਾ ਕਮੇਟੀ ਨੇ ਐੱਚ ਐੱਸ ਪਰਮਾਰ ਦੇ ਪਰਵਾਰਕ ਮੈਂਬਰਾਂ ਸਮੇਤ ਨਿਰਮਲ ਸਿੰਘ ਧਾਲੀਵਾਲ ਨੂੰ ਸਨਮਾਨਤ ਕੀਤਾ। ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਵਧੀਆ ਪ੍ਰਬੰਧ ਲਈ ਦਿਹਾਤੀ ਸਰਕਲ ਲੁਧਿਆਣਾ ਦੇ ਪ੍ਰਧਾਨ ਅਤੇ ਸੂਬਾ ਆਗੂ ਕਰਤਾਰ ਸਿੰਘ, ਸੁਖਦੇਵ ਸਿੰਘ ਲਲਤੋਂ ਸਮੇਤ ਸਮੁੱਚੀ ਟੀਮ ਦੀ ਪ੍ਰਸੰਸਾ ਕੀਤੀ। ਸਟੇਜ ਸਕੱਤਰ ਦੀ ਭੁੂਮਿਕਾ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ ਨੇ ਬਾਖੂਬੀ ਨਿਭਾਈ।