ਸ਼ਾਹਕੋਟ (ਗਿਆਨ ਸੈਦਪੁਰੀ) : ‘ਮਨਰੇਗਾ ਬਚਾਓ, ਆਰਕਸ਼ਣ ਬਚਾਓ’ ਦੇ ਸੰਕਲਪ ਤਹਿਤ ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਆਲ ਇੰਡੀਆ ਦਲਿਤ ਰਾਈਟ ਮੂਵਮੈਂਟ ਦੇ ਸੱਦੇ ’ਤੇ 30 ਮਈ ਨੂੰ ਜੰਤਰ-ਮੰਤਰ ਮੈਦਾਨ ਦਿੱਲੀ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਦੇਸ਼ ਭਰ ਵਿੱਚੋਂ ਮਨਰੇਗਾ ਮਜ਼ਦੂਰ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਇਸ ਵਾਰ ਮਨਰੇਗਾ ਦੇ ਬਜਟ ਵਿੱਚ 35 ਫ਼ੀਸਦੀ ਕਟੌਤੀ ਕਰ ਦਿੱਤੀ ਹੈ। ਮਨਰੇਗਾ ਦਾ ਬਜਟ ਵਧਾਉਣ ਅਤੇ ਮਜ਼ਦੂਰਾਂ ਦੀਆਂ ਹੋਰ ਭਖਦੀਆਂ ਮੰਗਾਂ ਮੰਨਵਾਉਣ ਲਈ ਦੇਸ਼ ਪੱਧਰ ਦੀਆਂ ਮਜ਼ਦੂਰ ਜਥੇਬੰਦੀਆਂ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ 29 ਮਈ ਨੂੰ ਦਿੱਲੀ ਵੱਲ ਕੂਚ ਕਰਨਗੇ ਅਤੇ 30 ਮਈ ਨੂੰ ਸਵੇਰੇ ਦਸ ਵਜੇ ਜੰਤਰ-ਮੰਤਰ ਵਿੱਚ ਕੀਤੀ ਜਾ ਰਹੀ ਰੈਲੀ ਦਾ ਹਿੱਸਾ ਬਣਨਗੇ।
ਇਸੇ ਸਿਲਸਲੇ ਤਹਿਤ ਪੰਜਾਬ ਵਿੱਚੋਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਦੀ ਅਗਵਾਈ ਵਿੱਚ ਸੈਂਕੜੇ ਮਜ਼ਦੂਰ ਦਿੱਲੀ ਪਹੰੁਚਣਗੇ।
ਆਗੂਆਂ ਦੱਸਿਆ ਕਿ ਦਿੱਲੀ ਦੀ ਵਿਸ਼ਾਲ ਰੋਸ ਰੈਲੀ ਵਿੱਚ ਇਹ ਵੀ ਮੰਗ ਕੀਤੀ ਜਾਵੇਗੀ ਕਿ ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ ਘੱਟੋ ਘੱਟ 200 ਦਿਨ ਕੰਮ ਦਿੱਤਾ ਜਾਵੇ। ਮਜ਼ਦੂਰਾਂ ਦੀ ਦਿਹਾੜੀ 600 ਰੁਪਏ ਕੀਤੀ ਜਾਵੇ। ਜਨਤਕ ਅਦਾਰੇ ਵੇਚਣੇ ਬੰਦੇ ਕੀਤੇ ਜਾਣ। ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆ ਅਸਾਮੀਆ ਭਰਨ ਲਈ ਸਪੈਸ਼ਲ ਭਰਤੀ ਕੀਤੀ ਜਾਵੇ। ਇਨ੍ਹਾਂ ਮੰਗਾਂ ਤੋਂ ਇਲਾਵਾ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਜਾਵੇਗਾ ਕਿ ਕੇ ਜੀ ਤੋਂ ਪੀ ਜੀ ਤੱਕ ਸਿੱਖਿਆ ਮੁਫ਼ਤ ਤੇ ਜ਼ਰੂਰੀ ਕੀਤੀ ਜਾਵੇ। ਅਸਮਾਨ ਛੂੰਹਦੀ ਮਹਿੰਗਾਈ ਨੂੰ ਰੋਕਿਆ ਜਾਵੇ। ਭਿ੍ਰਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇ। ਸਾਰੇ ਲੋੜਵੰਦ ਪਰਵਾਰਾਂ ਨੂੰ ਰਹਾਇਸ਼ੀ ਪਲਾਟ ਦਿੱਤੇ ਜਾਣੇ ਅਤੇ ਉਸਾਰੀ ਕਰਨ ਲਈ ਪੰਜ-ਪੰਜ ਲੱਖ ਦੀ ਗਰਾਂਟ ਦਿੱਤੀ ਜਾਵੇ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ 30 ਮਈ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਦੇ ਜੰਤਰ-ਮੰਤਰ ਮੈਦਾਨ ਵਿੱਚ ਪਹੁੰਚਣ।